ਪੋਜੇਵਾਲ ਸਰਾਂ, 3 ਫਰਵਰੀ (ਨਵਾਂਗਰਾਈਾ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ 'ਤੇ ਪਿੰਡ ਨਵਾਂਗਰਾਂ ਵਿਖੇ ਟੁੱਟੀ ਪੁਲੀ 'ਤੇ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਤੇ ਇੱਥੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ | ਪਿੰਡ ਨਵਾਂਗਰਾਂ ਵਿਖੇ ਮੁੱਖ ਮਾਰਗ 'ਤੇ ਬਣੀ ਪੁਲੀ ਦੀਆਂ ਦੋਨੋਂ ਸਾਈਡਾਂ ਬੁਰੀ ਤਰਾਂ ਟੁੱਟ ਗਈਆਂ ਹਨ ਤੇ ਇਨ੍ਹਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ | ਪਹਿਲਾਂ ਇਸ ਪੁਲੀ ਦੀਆਂ ਸਾਈਡਾਂ ਸੜਕ ਦੇ ਕਿਨਾਰੇ ਤੋਂ ਦੂਰ ਸਨ ਪਰ ਹੁਣ ਸੜਕ ਦੇ ਚੌੜੀ ਹੋਣ ਨਾਲ ਇਸ ਪੁਲੀ ਦੀਆਂ ਸਾਈਡਾਂ ਬਿਲਕੁੱਲ ਸੜਕ ਦੇ ਕਿਨਾਰੇ ਨਾਲ ਲੱਗ ਗਈਆਂ ਹਨ ਤੇ ਪੁਲੀ ਦੀਆਂ ਸਾਈਡਾਂ ਵੀ ਪੂਰੀ ਤਰਾਂ ਟੁੱਟ ਗਈਆਂ ਹਨ ਤੇ ਪੁਲੀ ਦੇ ਨਾਲ ਥੱਲੇ ਪਾਣੀ ਦੇ ਡੂੰਗੇ ਟੋਏ ਪਏ ਹੋਏ ਹਨ | ਇੱਥੇ ਦੱਸਿਆ ਜਾਂਦਾ ਹੈ ਕਿ ਇਸ ਪੁਲੀ ਰਾਹੀਂ ਪਿੰਡ ਨਵਾਂਗਰਾਂ ਦਾ ਸਾਰਾ ਪਾਣੀ ਆਉਂਦਾ ਹੈ ਤੇ ਜੇਕਰ ਕਦੇ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਇੱਥੇ ਕਿਸੇ ਵੀ ਵਿਅਕਤੀ ਦੀ ਜਾਨ ਜਾ ਸਕਦੀ ਹੈ | ਜਦੋਂ ਇਸ ਸੜਕ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਵੇਲੇ ਇਸ ਪੁਲੀ ਬਾਰੇ ਲੋਕ ਨਿਰਮਾਣ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਸੀ ਪਰ ਵਿਭਾਗ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ | ਸੜਕ ਦੀ ਮੁਰੰਮਤ ਸਮੇਂ ਕੁੱਝ ਖਾਸ ਜਗ੍ਹਾ ਜਾਂ ਕਹਿ ਲਈਏ ਪਹੁੰਚ ਵਾਲੇ ਥਾਵਾਂ 'ਤੇ ਪੁਲੀਆਂ ਦੇ ਕਿਨਾਰਿਆਂ ਦੀ ਰਿਪੇਅਰ ਕਰਕੇ ਪੁਲੀ ਦੇ ਕਿਨਾਰੇ ਠੀਕ ਕਰ ਦਿੱਤੇ ਸਨ ਪਰ ਇਸ ਪੁਲੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ | ਲੋਕਾਂ ਦੀ ਮੰਗ ਹੈ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੇ ਬਿਨਾ ਇਸ ਪੁਲੀ ਦੇ ਕਿਨਾਰਿਆਂ ਦੀ ਕੰਧ ਜਾਂ ਇਸ ਦੀ ਬਣਦੀ ਰਿਪੇਅਰ ਤੁਰੰਤ ਕੀਤੀ ਜਾਵੇ |