ਬੰਗਾ, 22 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਾਲਾਨਾ ਖੇਡ ਮੇਲੇ ਦਾ ਆਗਾਜ਼ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹੋਇਆ | ਖੇਡ ਮੇਲੇ ਦੀ ਸ਼ੁਰੂਆਤ ਸਮੇਂ ਕਾਲਜ ਕੈਂਪਸ ਦਾ ਨਜ਼ਾਰਾ ਦੇਖਣਯੋਗ ਸੀ | ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ | ਮੇਲੇ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਮਾਰਚ ਪਾਸਟ ਅਤੇ ਰੂਹਾਨੀ ਸ਼ਬਦ ਗਾਇਨ ਨਾਲ ਹੋਈ | ਮਾਰਚ ਪਾਸਟ ਵਿੱਚ ਬਟਾਲੀਅਨ ਨੂੰ ਲੀਡ ਸ਼ੁਭਜੀਤ ਅਤੇ ਦੀਪਿਕਾ ਰਾਣੀ ਨੇ ਕੀਤਾ | ਕਾਲਜ ਦੇ ਵੱਖ-ਵੱਖ ਹਾਊਸਾਂ ਦੇ ਕਪਤਾਨ ਵਿਦਿਆਰਥੀਆਂ ਨੇ ਅਨੁਸ਼ਾਸਨ ਅਤੇ ਖੇਡ ਭਾਵਨਾ ਨੂੰ ਮੁੱਖ ਰੱਖ ਕੇ ਸਹੁੰ ਚੁੱਕੀ ਅਤੇ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ | ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ. ਜਸਪਾਲ ਸਿੰਘ ਗਹੂਣੀਆਂ ਕੈਨੇਡਾ ਸ਼ਾਮਲ ਸਨ | ਵਿਸ਼ੇਸ਼ ਮਹਿਮਾਨ ਵਜੋਂ ਸ: ਸੁਰਜੀਤ ਸਿੰਘ ਰੱਕੜ ਯੂ.ਐਸ.ਏ ਹਾਜ਼ਰ ਸਨ | ਉਹਨਾਂ ਨਾਲ ਪਰਮਜੀਤ ਸਿੰਘ ਹੇੜੀਆਂ ਯੂ.ਐਸ.ਏ, ਪ੍ਰਸਿੱਧ ਗਾਇਕ ਤੇ ਸਮਾਜ ਸੇਵੀ ਸ: ਰੇਸ਼ਮ ਸਿੰਘ ਰੇਸ਼ਮ ਯੂ.ਐਸ.ਏ, ਮੋਹਣ ਸਿੰਘ ਕੰਦੋਲਾ ਅਤੇ ਸ਼ਮਿੰਦਰ ਸਿੰਘ ਗਰਚਾ ਆਦਿ ਹਾਜ਼ਰ ਸਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ | ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਆਪਣੇ ਸੰਬੋਧਨ ਵਿੱਚ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਕਿਹਾ | ਉਹਨਾਂ ਕਿਹਾ ਕਿ ਖੇਡ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਇੰਚਾਰਜ ਡਾ. ਇੰਦੂ ਰੱਤੀ ਅਤੇ ਸਕੱਤਰ ਪ੍ਰੋ. ਮਨੀਸ਼ ਸੰਧੀਰ ਵੀ ਮੌਜੂਦ ਸਨ | ਉਨ੍ਹਾਂ ਖੇਡ ਮੇਲੇ ਦੇ ਸਫਲ ਪ੍ਰਬੰਧਾਂ ਲਈ ਟੀਮ ਦੀ ਪ੍ਰਸੰਸਾ ਕੀਤੀ | ਪਹਿਲੇ ਦਿਨ ਟਰੈਕ ਅਤੇ ਫੀਲਡ ਸਮੇਤ ਕਈ ਖੇਡ ਮੁਕਾਬਲੇ ਕਰਵਾਏ ਗਏ | ਜਿਨ੍ਹਾਂ 'ਚੋਂ 800 ਮੀਟਰ ਦੌੜ ਵਿੱਚ ਸੁਕਿਰਤ ਨੇ ਪਹਿਲਾ ਸਥਾਨ, ਹਰਪ੍ਰੀਤ ਸਿੰਘ ਨੇ ਦੂਜਾ ਤੇ ਰਮਨਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲੰਮੀ ਛਾਲ ਦੇ ਮੁਕਾਬਲੇ ਵਿੱਚ ਰਮਨਜੀਤ ਸੱਲ੍ਹਣ ਐਮ.ਏ.ਅੰਗਰੇਜੀ ਨੇ ਪਹਿਲਾ ਸਥਾਨ, ਕਰਿਸ਼ ਬੀ.ਏ. ਨੇ ਦੂਜਾ, ਜਸਕਰਨ ਸਿੰਘ ਬੀ.ਸੀ.ਏ. ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਖੇਡ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣਾ, ਟੀਮ ਵਰਕ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ੍ਹ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਹੈ | ਅਗਲੇ ਮੁਕਾਬਲਿਆਂ ਲਈ ਵੀ ਵਿਦਿਆਰਥੀਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ | ਇਸ ਮੌਕੇ 'ਤੇ ਸ. ਪਰਮਜੀਤ ਸਿੰਘ ਹੇੜੀਆ ਯੂ.ਐਸ.ਏ, ਸ. ਮਲਕੀਤ ਸਿੰਘ ਕੈਨੇਡਾ, ਸ. ਮਲਕੀਤ ਸਿੰਘ ਗੋਸਲ ਐਥਲੈਟਿਕਸ ਕੋਚ, ਸ. ਰਣਧੀਰ ਸਿੰਘ ਭੁੱਲਰ ਐਥਲੈਟਿਕਸ ਕੋਚ, ਰੇਸ਼ਮ ਸਿੰਘ ਰੇਸ਼ਮ, ਮੋਹਣ ਸਿੰਘ ਕੰਦੋਲਾ ਅਤੇ ਸ਼ਮਿੰਦਰ ਸਿੰਘ ਗਰਚਾ ਮੌਜੂਦ ਸਨ | ਤਸਵੀਰ 22 ਨਵਾਂਸ਼ਹਿਰ 06