ਬੰਗਾ, 22 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਸੜਕਾਂ 'ਤੇ ਵੱਧ ਰਹੀ ਆਵਾਜਾਈ ਅਤੇ ਰਾਤ ਦੇ ਹਨੇਰੇ ਵਿੱਚ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਪਠਲਾਵਾ ਸੰਸਥਾ ਵਲੋਂ ਲਧਾਣਾ ਉੱਚਾ ਰੋਡ 'ਤੇ ਲਗਾਏ ਬੂਟਿਆਂ 'ਤੇ ਰਿਫਲੈਕਟਰ ਲਗਾਉਣ ਦੇ ਕੰਮ ਨੂੰ ਵੀ ਅੰਜ਼ਾਮ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਸ. ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਸ. ਬਲਵੀਰ ਸਿੰਘ ਯੂ. ਕੇ, ਜਨਰਲ ਸਕੱਤਰ ਮਾ: ਤਰਲੋਚਨ ਸਿੰਘ ਪਠਲਾਵਾ ਅਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਕਿਹਾ ਕਿ ਅਕਸਰ ਰਾਤ ਦੇ ਹਨੇਰੇ ਵਿੱਚ ਵਾਹਨ ਚਾਲਕਾਂ ਵਲੋਂ ਵਾਹਨਾਂ ਨੂੰ ਓਵਰਟੇਕ ਕਰਨ ਲੱਗਿਆਂ ਵੱਡੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ | ਇਹਨਾਂ ਨੂੰ ਰੋਕਣ ਲਈ ਪਠਲਾਵਾ ਸੰਸਥਾ ਵਲੋਂ ਜਿਥੇ ਵੱਖ-ਵੱਖ ਸੜਕਾਂ 'ਤੇ ਰਿਫਲੈਕਟਰ ਬੋਰਡ ਲਗਾਏ ਹੋਏ ਹਨ ਉੱਥੇ ਉਹਨਾਂ ਦੇ ਨਾਲ-ਨਾਲ ਦਰੱਖਤਾਂ 'ਤੇ ਰੇਡੀਅਮ ਨਾਲ ਤਿਆਰ ਕੀਤੀਆਂ ਹੋਈਆਂ ਰੇਡੀਅਮ ਯੁਕਤ ਪਲੇਟਾਂ ਵੀ ਲਗਾਈਆਂ ਜਾ ਰਹੀਆਂ ਹਨ | ਤਾਂ ਕਿ ਰਾਤ ਦੇ ਹਨੇਰੇ ਵਿੱਚ ਵਾਹਨ ਚਾਲਕਾਂ ਨੂੰ ਸੜਕ ਦੀ ਸਥਿਤੀ ਬਾਰੇ ਪੂਰਾ-ਪੂਰਾ ਪਤਾ ਲੱਗ ਸਕੇ | ਪਠਲਾਵਾ ਸੰਸਥਾ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਗਿਆ ਕਿ ਬੜੀ ਚੰਗੀ ਗੱਲ ਹੋਵੇਗੀ ਕਿ ਪਿੰਡਾਂ ਦੇ ਦਿਹਾਤੀ ਖੇਤਰਾਂ ਵਿੱਚ ਲਿੰਕ ਸੜਕਾਂ 'ਤੇ ਵੀ ਚਿੱਟੀ ਪੱਟੀ ਦੀਆਂ ਲਾਈਨਾਂ ਲਗਾ ਦਿੱਤੀਆਂ ਜਾਣ | ਇੰਝ ਕਰਨ ਨਾਲ ਸੜਕੀ ਦੁਰਘਟਨਾਵਾਂ ਨਾਲ ਹੋ ਰਹੇ ਜਾਨੀ ਨੁਕਸਾਨਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ | ਮਾਸਟਰ ਤਰਲੋਚਨ ਸਿੰਘ ਪਠਲਾਵਾ ਅਤੇ ਲੈਕਚਰਾਰ ਤਰਸੇਮ ਪਠਲਾਵਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਮੁਹਿੰਮ ਦੇ ਦਾਇਰੇ ਨੂੰ ਹੋਰ ਵਧਾਇਆ ਜਾ ਰਿਹਾ ਹੈ | ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਬਲਜੀਤ ਸਿੰਘ ਪਠਲਾਵਾ, ਸਤੀਸ਼ ਕੁਮਾਰ ਐਮਾਂ ਜੱਟਾਂ, ਪ੍ਰਭਜੋਤ ਸਿੰਘ ਪਠਲਾਵਾ ਹਾਜ਼ਰ ਸਨ |