28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਥਾਣਿਆਂ 'ਚ ਪੁਲਿਸ ਨਫ਼ਰੀ ਦੀ ਘਾਟ, ਪ੍ਰੰਤੂ ਡੇਰਿਆਂ ਦੀ ਸੁਰੱਖਿਆ ਲਈ 24 ਘੰਟੇ ਮੁਲਾਜ਼ਮ ਤਾਇਨਾਤ

Ad Position 21
No active advertisement
ਅਜੀਤ ਡੈਸਕ 23-02-2026
ਮੁਕੰਦਪੁਰ, 22 ਫਰਵਰੀ (ਅਮਰੀਕ ਸਿੰਘ ਢੀਂਡਸਾ)-ਪੰਜਾਬ ਵਿੱਚ ਬਦਅਮਨੀ, ਲੁੱਟਾਂ-ਖੋਹਾਂ, ਡਕੈਤੀਆਂ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਵਿੱਚ ਪੁਲਿਸ ਦੀ ਹੋਰ ਭਰਤੀ ਕਰਨ ਦੀ ਮੰਗ ਜ਼ੋਰਾਂ-ਸ਼ੋਰਾਂ ਨਾਲ ਉੱਠ ਰਹੀ ਹੈ | ਪੰਜਾਬ ਵਿੱਚ ਲਗਭਗ ਇੱਕ ਲੱਖ ਜਵਾਨ ਪੁਲਿਸ ਵਿੱਚ ਭਰਤੀ ਹੋਣ ਦੇ ਬਾਵਜੂਦ ਵੀ ਥਾਣਿਆਂ ਵਿੱਚ ਪੁਲਿਸ ਦੀ ਨਫ਼ਰੀ ਦੀ ਪ੍ਰਤੀਸ਼ਤ ਬਹੁਤ ਘੱਟ ਹੈ ਤੇ ਕਈ ਵਾਰ ਥਾਣਿਆਂ ਵਿੱਚ ਮੁਨਸ਼ੀ ਸਟਾਫ਼ ਤੋਂ ਬਗੈਰ ਹੋਰ ਕੋਈ ਮੁਲਾਜ਼ਮ ਨਹੀਂ ਹੁੰਦਾ | ਇਹ ਵੀ ਜੱਗ ਜ਼ਾਹਿਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ, ਆਪ ਸੁਪਰੀਮੋ ਅਤੇ ਹੋਰ ਮੰਤਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਜ਼ਿਆਦਾਤਰ ਪੁਲਿਸ ਮੁਲਾਜ਼ਮ ਤੈਨਾਤ ਹਨ | ਥਾਣਿਆਂ ਵਿੱਚ ਜਿੰਨੇ ਕੁ ਮੁਲਾਜ਼ਮ ਡਿਊਟੀ 'ਤੇ ਹਨ ਉਹਨਾਂ ਵਿਚੋਂ ਬਹੁਤਿਆਂ ਨੂੰ ਕਚਹਿਰੀਆਂ ਵਿੱਚ ਗਵਾਹੀਆਂ ਆਦਿ ਲਈ ਪੇਸ਼ੀ 'ਤੇ ਜਾਣ ਕਰਕੇ ਲੋਕਾਂ ਦੇ ਕੰਮ ਹਫ਼ਤਿਆਂ ਤੱਕ ਰੁਕੇ ਰਹਿੰਦੇ ਹਨ | ਇਸ ਸਭ ਦੇ ਬਾਵਜੂਦ ਡੇਰਿਆਂ ਦੀ ਸੁਰੱਖਿਆ ਲਈ ਜਿੱਥੇ ਕੋਈ ਧਾਰਮਿਕ ਗ੍ਰੰਥ ਜਾਂ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦਾ ਖ਼ਦਸ਼ਾ ਨਹੀਂ ਹੁੰਦਾ ਉੱਥੇ ਦੋ-ਦੋ ਥਾਣਿਆਂ ਦੇ 3-4 ਪੁਲਿਸ ਮੁਲਾਜ਼ਮ 24 ਘੰਟੇ ਤਾਇਨਾਤ ਰਹਿੰਦੇ ਹਨ | ਜਿਸ ਨਾਲ ਥਾਣਿਆਂ ਵਿੱਚ ਲੋਕਾਂ ਦੇ ਕੰਮ-ਕਾਜ ਵਿੱਚ ਦੇਰੀ ਹੋਣ ਨਾਲ ਉਹਨਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ | ਡੇਰਾ ਮੁਖੀ ਰਾਮ ਰਹੀਮ ਦੇ ਵਾਰ-ਵਾਰ ਪੈਰੋਲ 'ਤੇ ਆਉਣ ਕਰਕੇ ਡੇਰਿਆਂ ਦੀ ਸੁਰੱਖਿਆ ਦਾ ਸਰਕਾਰ ਨੂੰ ਜ਼ਿਆਦਾ ਫ਼ਿਕਰ ਹੋ ਜਾਂਦਾ ਹੈ, ਜੋ ਆਮ ਜਨਤਾ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਹੋਰ ਧਾਰਮਿਕ ਅਸਥਾਨਾਂ ਵੱਲ ਪੁਲਿਸ ਦੀ ਜ਼ਿੰਮੇਵਾਰੀ ਘਟਾ ਕੇ ਸਬੰਧਤ ਕਮੇਟੀਆਂ ਨੂੰ ਇਸ ਪ੍ਰਤੀ ਪੁਖ਼ਤਾ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਹਦਾਇਤਾਂ ਜਾਰੀ ਹੋ ਰਹੀਆਂ ਹਨ | ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪਹਿਲਾਂ ਹੀ ਪੁਲਿਸ ਮੁਲਾਜ਼ਮਾਂ ਦੀ ਰੜਕ ਰਹੀ ਘਾਟ ਦੇ ਬਾਵਜੂਦ ਵੀ ਸਮਾਜ ਦੇ ਇੱਕ ਵਰਗ ਦੇ ਡੇਰਿਆਂ ਨੂੰ ਲਗਾਤਾਰ ਇੰਨੀ ਸੁਰੱਖਿਆ ਪ੍ਰਦਾਨ ਕਰਵਾਉਣੀ ਲੋਕਾਂ ਵਿੱਚ ਹੈਰਾਨੀ ਅਤੇ ਬੇਗਾਨਗੀ ਦਾ ਅਹਿਸਾਸ ਪੈਦਾ ਕਰਵਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਰਾਜਾ ਸਾਹਿਬ ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਕਰਵਾਇਆ ਸਮਾਗਮ ਅਗਲੀ ਖ਼ਬਰ ਵੁਮਨ ਕਾਲਜ ਦੀ ਬੈਸਟ ਅਥਲੀਟ ਰਮਨਪ੍ਰੀਤ ਕਲੇਰ ਅਕੈਡਮੀ ਵਲੋਂ ਸਨਮਾਨਿਤ
Ad Position 24