ਕਾਠਗੜ੍ਹ, 23 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਸ਼ਹੀਦ ਭਗਤ ਸਿੰਘ ਨਗਰ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਬਾਲੇਵਾਲ ਦੇ ਖੇਡ ਮੈਦਾਨ ਦੀ ਉਸਾਰੀ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ | ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪਿੰਡਾਂ ਵਿੱਚ ਨੌਜਵਾਨਾਂ ਲਈ ਖੇਡਾਂ ਦੇ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਉਸ ਮਕਸਦ ਨਾਲ ਅੱਜ ਉਹਨਾਂ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਖੇਡ ਮੈਦਾਨ ਦੇ ਲਈ 1 ਲੱਖ ਰੁਪਏ ਦੀ ਗ੍ਰਾਂਟ ਪਿੰਡ ਦੀ ਪੰਚਾਇਤ ਨੂੰ ਦਿੱਤੀ ਗਈ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲਾਲਪੁਰ ਨੇ ਦੱਸਿਆ ਕਿ ਪਿੰਡ ਬਾਲੇਵਾਲ ਪੰਚਾਇਤ ਵੱਲੋਂ ਪਿਛਲੇ ਦਿਨੀ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਪਿੰਡ ਦੇ ਖੇਡ ਮੈਦਾਨ ਲਈ ਗ੍ਰਾਂਟ ਦੀ ਮੰਗ ਕੀਤੀ ਗਈ ਸੀ ਜਿਸ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ | ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਦੇ ਕੰਮਾਂ 'ਤੇ ਖਰਚਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਨ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਮੈਦਾਨ ਅਤੇ ਓਪਨ ਜਿੰਮ ਸਥਾਪਿਤ ਕੀਤੇ ਜਾ ਰਹੇ ਹਨ | ਇਸ ਮੌਕੇ 'ਤੇ ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰੀ ਬਣਾਈ ਰੱਖਣ ਅਤੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਪਿੰਡ ਦੀ ਪੰਚਾਇਤ ਨੇ ਸਤਨਾਮ ਜਲਾਲਪੁਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਸਰਪੰਚ ਰਾਮ ਸਰੂਪ, ਰਿਟਾਇਰਡ ਐਕਸੀਅਨ ਅੱਛਰ ਦਾਸ, ਪੰਚ ਹਰਮੇਸ਼ ਕੁਮਾਰ, ਰੋਸ਼ਨ ਨਾਲ, ਪੰਚ ਨੀਲਮ ਦੇਵੀ, ਰਾਜ ਰਾਣੀ, ਕੇਵਲ ਕਿ੍ਸ਼ਨ, ਬਿਮਲਾ ਦੇਵੀ, ਦੇਸ ਰਾਜ, ਸੀਤਾ ਰਾਮ, ਸੁੱਚਾ ਭਾਟੀਆ, ਰੋਸ਼ਨ ਲਾਲ, ਦਿਲਜੀਤ ਕੁਮਾਰ, ਵਿਜੇ ਕੁਮਾਰ, ਅਮਰਜੀਤ, ਬਲਕਾਰ ਸਿੰਘ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ |
ਪਿੰਡ ਬਾਲੇਵਾਲ ਦੇ ਖੇਡ ਮੈਦਾਨ ਲਈ ਦਿੱਤੀ ਇਕ ਲੱਖ ਰੁਪਏ ਦੀ ਗ੍ਰਾਂਟ
ਅਜੀਤ ਡੈਸਕ
24-02-2026