ਨਵਾਂਸ਼ਹਿਰ, 26 ਫਰਵਰੀ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਵਿਦੇਸ਼ ਤੋਂ ਆਏ ਸਮਾਜ ਸੇਵੀ ਦੀਦਾਰ ਸਿੰਘ ਅਲੀਪੁਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਯੂ.ਕੇ ਨਿਵਾਸੀ ਦੀਦਾਰ ਸਿੰਘ ਵਲੋਂ ਪਿਛਲੇ ਲੰਮੇ ਸਮੇਂ ਤੋਂ ਇਸ ਇਲਾਕੇ 'ਚ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਲਈ ਨਿਰੰਤਰ ਯੋਗਦਾਨ ਪਾਏ ਜਾਂਦੇ ਰਹੇ ਹਨ ਅਤੇ ਖਾਸ ਕਰ ਉਹ ਸਮਾਜ ਦੇ ਆਰਥਿਕ ਤੌਰ 'ਤੇ ਬਹੁਤ ਕੰਮਜੋਰ ਲੋਕਾਂ ਲਈ ਚੱਲ ਰਹੀਆਂ ਸੇਵਾਵਾਂ ਵਿੱਚ ਬਹੁਤ ਰੁਚੀ ਰਖਦੇ ਹਨ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੀਦਾਰ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਬਲਵੀਰ ਸਿੰਘ ਵਲੋਂ ਅਲੀਪੁਰ ਨਿਵਾਸੀ ਸੋਹਣ ਸਿੰਘ ਅਤੇ ਮੋਹਣ ਸਿੰਘ ਨਾਲ ਮਿਲ ਕੇ ਪਿੱਛਲੇ ਸੱਤ ਸਾਲ ਤੋਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਹਰ ਸਾਲ ਕਰਵਾਏ ਜਾਂਦੇ ਮਹਾਨ ਕੀਰਤਨ ਦਰਬਾਰ ਮੌਕੇ ਲੋੜਵੰਦਾਂ ਲਈ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਦੀ ਸੇਵਾ ਨਿਰੰਤਰ ਕਰਵਾ ਰਹੇ ਹਨ | ਇਸ ਤੋਂ ਇਲਾਵਾ ਵੀ ਇਨ੍ਹਾਂ ਪਰਿਵਾਰਾਂ ਵਲੋਂ ਮਹਾਨ ਕੀਰਤਨ ਦਰਬਾਰ ਅਤੇ ਸੁਸਾਇਟੀ ਵਲੋਂ ਚਲ ਰਹੇ ਹੋਰ ਸਮਾਜ ਸੇਵੀ ਕਾਰਜਾਂ ਵਿਚ ਲਗਾਤਾਰ ਸੇਵਾ ਭੇਜੀ ਜਾਂਦੀ ਹੈ | ਪਿੰਡ ਅਤੇ ਇਲਾਕੇ ਵਿਚ ਵੀ ਇਸ ਪਰਿਵਾਰ ਵਲੋਂ ਹੋਰ ਸੰਸਥਾਵਾਂ ਨਾਲ ਮਿਲ ਕੇ ਗੁਰਮਤਿ, ਸਮਾਜ ਭਲਾਈ ਅਤੇ ਭਲੇ ਦੇ ਹੋਰ ਕਾਰਜਾਂ ਲਈ ਵੱਡੇ ਯੋਗਦਾਨ ਪਾਏ ਜਾਂਦੇ ਹਨ | ਉਨ੍ਹਾਂ ਵਲੋਂ ਇਸ ਸਾਲ ਮਹਾਨ ਕੀਰਤਨ ਦਰਬਾਰ ਮੌਕੇ ਲਗਾਏ ਜਾਣ ਵਾਲੇ ਅੱਖਾਂ ਦੇ ਅੱਠਵੇਂ ਆਪ੍ਰੇਸ਼ਨ ਕੈਂਪ ਦੀ ਸੰਪੂਰਨ ਸੇਵਾ ਦੇ ਨਾਲ-ਨਾਲ ਖੁਦ ਹਾਜ਼ਰ ਹੋ ਕੇ ਹੋਰ ਸੇਵਾਵਾਂ ਕਰਨ ਦੀ ਵਚਨਬੱਧਤਾ ਪ੍ਰਗਟਾਈ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ, ਸਪੁੱਤਰ ਤੋਂ ਇਲਾਵਾ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ. ਐੱਸ. ਪੀ, ਜਗਜੀਤ ਸਿੰਘ ਜਨਰਲ ਸਕੱਤਰ, ਹਕੀਕਤ ਸਿੰਘ, ਬਲਦੇਵ ਸਿੰਘ ਅਤੇ ਬਖਸ਼ੀਸ਼ ਸਿੰਘ ਸੈਣੀ ਵੀ ਮੌਜੂਦ ਸਨ |