ਬੰਗਾ, 5 ਮਾਰਚ (ਸੁਰਿੰਦਰ ਸਿੰਘ ਕਰਮ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀ ਆਰਥਿਕ ਮਦਦ ਕਰਨ ਦੇ ਮਕਸਦ ਨਾਲ ਸਮੁੱਚੇ ਪੰਜਾਬ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ-ਅਧਿਕਾਰੀਆਂ ਵਲੋਂ ਲੋਕਾਂ ਦੇ ਸਿਹਤ ਕਾਰਡ ਬਣਨ ਦਾ ਸਿਲਸਿਲਾ ਜਾਰੀ ਹੈ | ਇਨ੍ਹਾਂ ਕਾਰਡਾਂ ਨਾਲ ਲੋਕਾਂ ਨੂੰ ਆਪਣੇ ਪਰਿਵਾਰ ਦੇ ਜੀਆਂ ਦੀ ਸਿਹਤ ਠੀਕ ਰੱਖਣ ਲਈ ਜਾਂ ਬਿਮਾਰੀ ਦੀ ਹਾਲਤ 'ਚ ਟੌਪ ਦੇ ਹਸਪਤਾਲਾਂ 'ਚ ਮੁਫ਼ਤ ਇਲਾਜ ਕਰਾਉਣ ਦੀ ਸਹੂਲਤ ਉਪਲਬਧ ਹੈ | ਇਸੇ ਲੜੀ ਵਿੱਚ ਸਵ: ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਸਰਕਾਰੀ ਡਿਸਪੈਂਸਰੀ ਲਧਾਣਾ ਉੱਚਾ ਵਿਖੇ ਨਗਰ ਨਿਵਾਸੀਆਂ ਦੇ ਦਸ ਲੱਖ ਤੱਕ ਮੁਫ਼ਤ ਇਲਾਜ ਕਰਾਉਣ ਹਿੱਤ ਸਿਹਤ ਕਾਰਡ ਬਣਨੇ ਜਾਰੀ ਹਨ | ਪਿੰਡ ਦੀ ਸਰਪੰਚ ਮੈਡਮ ਨੀਲਮ ਰਾਣੀ ਨੇ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਨੂੰ ਇਹ ਸਿਹਤ ਕਾਰਡ ਬਣਾਉਣੇ ਚਾਹੀਦੇ ਹਨ | ਕਾਰਡ ਬਣਾਉਣ ਹਿੱਤ ਰੰਜਨਾ ਦੇਵੀ ਐੱਮ. ਆਈ. ਆਸ਼ਾ ਵਰਕਰ, ਰਾਜਵੀਰ ਕੌਰ ਸੀ. ਐੱਚ. ਓ, ਜਸਵੀਰ ਕੌਰ ਆਸ਼ਾ ਵਰਕਰ ਵਲੋਂ ਸੇਵਾਵਾਂ ਜਾਰੀ ਹਨ | ਇਸ ਮੌਕੇ ਅਮਰੀਕ ਸਿੰਘ ਵਾਰੀਆ ਪੰਚ, ਪਰਮਿੰਦਰ ਸਿੰਘ, ਨਵਜੀਵਨ ਸਿੰਘ ਜੀਵਨ, ਲਖਵੀਰ ਸਿੰਘ ਕਾਕਾ, ਸੁਰਿੰਦਰ ਸਿੰਘ ਛਿੰਦਾ, ਇਕਬਾਲ ਸਿੰਘ ਪਾਲਾ ਆਦਿ ਹਾਜ਼ਰ ਸਨ |