ਬਲਾਚੌਰ, 6 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਬਹੁਜਨ ਸਮਾਜ ਪਾਰਟੀ ਵਲੋਂ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ 15 ਮਾਰਚ ਨੂੰ ਬਹਿਰਾਮ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਹਿੱਤ ਬਲਾਚੌਰ ਵਿਖੇ ਹਲਕਾ ਪੱਧਰੀ ਮੀਟਿੰਗ ਤਹਿਸੀਲ ਪ੍ਰਧਾਨ ਚਰਨਜੀਤ ਸੁਮਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ 'ਤੇ ਮੀਟਿੰਗ ਵਿਚ ਪਹੁੰਚੇ ਅਤੇ ਸੰਬੋਧਨ ਕੀਤਾ | ਉਨ੍ਹਾਂ ਦੱਸਿਆ ਕਿ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਨਾਲ ਸਬੰਧਤ 'ਸਤਾ ਪ੍ਰਾਪਤ ਕਰੋ ਰੈਲੀ' ਜਿਹੜੀ ਬਹਿਰਾਮ ਵਿਖੇ ਕੀਤੀ ਜਾ ਰਹੀ ਹੈ, ਪ੍ਰਤੀ ਬਸਪਾ ਵਰਕਰਾਂ, ਸਮਰਥਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸੰਭਾਲੋ ਮੁਹਿੰਮ ਨੂੰ ਵੀ ਭਾਰੀ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ, ਅਤੇ ਵੱਖ-ਵੱਖ ਪਾਰਟੀਆਂ ਜਿਨ੍ਹਾਂ ਨੇ ਸਤਾ ਦਾ ਅਨੰਦ ਮਾਣਿਆ, ਉਨ੍ਹਾਂ ਨੇ ਕਿਸਾਨ ਮਜ਼ਦੂਰਾਂ, ਮੁਲਾਜ਼ਮਾਂ ਦੇ ਨਾਲ-ਨਾਲ ਆਮ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕਰਨ ਤੋਂ ਇਲਾਵਾ ਪੰਜਾਬ ਪ੍ਰਤੀ ਸੁਹਿਰਦਤਾ ਨਹੀ ਦਿਖਾਈ | ਉਨ੍ਹਾਂ ਕਿਹਾ ਕਿ 15 ਮਾਰਚ ਨੂੰ ਦਾਣਾ ਮੰਡੀ ਬਹਿਰਾਮ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਸੂਬਾ ਜਨਰਲ ਸਕੱਤਰ ਤੇ ਸਾਬਕਾ ਕੌਂਸਲਰ ਦਿਲਬਾਗ ਚੰਦ ਮਹਿੰਦੀਪੁਰ, ਤਹਿਸੀਲ ਪ੍ਰਧਾਨ ਚਰਨਜੀਤ ਸੁਮਨ ਨੇ ਵਿਸ਼ਵਾਸ਼ ਦਿਵਾਇਆ ਕਿ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਬਸਪਾ ਵਰਕਰ, ਸਮਰਥਕ ਅਤੇ ਆਗੂ ਵੱਡੀ ਗਿਣਤੀ ਵਿੱਚ ਵੱਡੇ ਕਾਫਲਿਆਂ ਨਾਲ ਇਸ ਸੂਬਾ ਪੱਧਰੀ ਰੈਲੀ ਵਿੱਚ ਸ਼ਾਮਲ ਹੋਣਗੇ | ਇਸ ਮੌਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਬਹੁਜਨ ਸਮਾਜ ਪਾਰਟੀ ਵਿੱਚ ਸਾਥੀਆਂ ਨਾਲ ਸ਼ਾਮਿਲ ਹੋਣ ਵਾਲੇ ਹਨੀ ਸੈਣੀ ਦਾ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਸੂਬਾ ਜਨਰਲ ਸਕੱਤਰ ਦਿਲਬਾਗ ਚੰਦ, ਤਹਿਸੀਲ ਪ੍ਰਧਾਨ ਚਰਨਜੀਤ ਸੁਮਨ ਤੇ ਹੋਰਨਾਂ ਨੇ ਸਨਮਾਨ ਕੀਤਾ | ਮੀਟਿੰਗ ਵਿਚ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ, ਮਾ. ਬਖਸ਼ੀ ਰਾਮ, ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਸੀਂਹਮਾਰ, ਚਮਨ ਲਾਲ ਚਣਕੋਆ, ਧਰਮਵੀਰ ਤੂਰ, ਜੈ ਪਾਲ ਸਿੰਘ ਸੈਂਪਲਾ, ਵਿਜੇ ਮੈਨਕਾ ਤਹਿਸੀਲ ਪ੍ਰਧਾਨ ਬਹੁਜਨ ਵਲੰਟੀਅਰ ਫੋਰਸ, ਪਰਸਾ ਰਾਮ ਕੈਂਥ, ਗੁਰਸ਼ਰਨ ਸਿੰਘ, ਸ਼ਿੰਗਾਰਾ ਰਾਮ ਜੱਟਪੁਰ, ਡਾ. ਸੁੱਚਾ ਰਾਮ ਲੀਲ, ਸੁੱਖਵਿੰਦਰ ਸਿੰਘ ਚਾਹਲ, ਮੱਖਣ ਸਿੰਘ ਚਾਹਲ, ਬਲਦੇਵ ਸਿੰਘ ਜੱਟਮਾਜਰਾ, ਜੋਗਾ ਸਿੰਘ ਜੱਟ ਮਾਜਰਾ ਤੇ ਹੋਰ ਹਾਜ਼ਰ ਸਨ |