ਔੜ/ਝਿੰਗੜਾਂ, 9 ਮਾਰਚ (ਕੁਲਦੀਪ ਸਿੰਘ ਝਿੰਗੜ)-ਪਿੰਡ ਲੜੋਆ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਧਰਮਸ਼ਾਲਾ ਵਿਖੇ ਕਰਵਾਇਆ ਗਿਆ | ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਪੰਜ ਤੀਰਥ ਲੜੋਆ ਤੋਂ ਇਲਾਵਾ ਨਾਮਵਰ ਗਾਇਕ ਬਲਵੀਰ ਲਹਿਰੀ ਐਂਡ ਪਾਰਟੀ ਵਲੋਂ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਜੀਵਨ ਸਬੰਧੀ ਰਚਨਾਵਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਸਮਾਗਮ 'ਚ ਕੁਲਜੀਤ ਸਿੰਘ ਸਰਹਾਲ ਆਪ ਦੇ ਹਲਕਾ ਇੰਚਾਰਜ ਤੇ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਮੈਨੇਜ਼ਮੈਂਟ ਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਉਨ੍ਹਾਂ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਸਿੱਖ ਕੌਮ ਅਤੇ ਮਨੁੱਖਤਾ ਦੀ ਭਲਾਈ ਲਈ ਆਪਣੀ ਜਾਨ ਨਿਓਛਾਵਰ ਕਰ ਦਿੱਤੀ, ਜਿਸ ਕਰਕੇ ਉਹ ਇਤਿਹਾਸ ਵਿੱਚ ਸਦਾ ਲਈ ਅਮਰ ਹੋ ਗਏ ਅਤੇ ਉਨ੍ਹਾਂ ਦੀ ਕੁਰਬਾਨੀ ਸਦਾ ਹੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣੀ ਰਹੇਗੀ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਅਤੇ ਐੱਨ.ਆਰ.ਆਈਜ. ਵੀਰਾਂ ਵਲੋਂ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਆਪ ਆਗੂ ਕੁਲਜੀਤ ਸਿੰਘ ਸਰਹਾਲ ਤੇ ਸਹਿਯੋਗੀ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਪੰਚ ਚਰਨਜੀਤ ਸਿੰਘ, ਸੰਤੋਖ ਰਾਮ, ਸੰਦੀਪ ਟੇਲਰ, ਸੰਜੀਵ ਤੇਲੂ, ਰਾਜ ਕੁਮਾਰ ਮੰਟੂ, ਰਕੇਸ਼ ਭਰਥ, ਪਰਮਜੀਤ ਚੋਟ, ਪਿ੍ੰ. ਤਰਜੀਵਨ ਸਿੰਘ ਗਰਚਾ, ਮਨੋਹਰ ਸਿੰਘ ਗਰਚਾ, ਨੰਬਰਦਾਰ ਚੂਹੜ ਸਿੰਘ, ਮੱਖਣ ਸਿੰਘ ਅਤੇ ਸੁਰਜੀਤ ਸਿੰਘ, ਜਗਦੀਸ਼, ਜਗਜੀਤ ਸਿੰਘ ਚੋਟ, ਸ਼ਿਵਜੀ ਤੇ ਪਵਨ ਕੁਮਾਰ ਆਦਿ ਹਾਜ਼ਰ ਸਨ |