ਬਲਾਚੌਰ, 10 ਮਾਰਚ (ਨਰੇਸ਼ ਧੌਲ)-ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਅਧਿਆਪਕਾਂ ਦੀ ਸਿਖਲਾਈ ਲਈ ਨਵੀਆਂ ਅਧਿਆਪਨ ਵਿਧੀਆਂ 'ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਅਧਿਆਪਨ ਕੁਸ਼ਲਤਾ ਵਿਚ ਸੁਧਾਰ ਕਰਨਾ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਅੱਗੇ ਵਧਾਉਣਾ ਸੀ | ਇਸ ਪ੍ਰੋਗਰਾਮ ਵਿੱਚ ਮੁੱਖ ਵਕਤਾ ਵਜੋਂ ਡਾ. ਸੁਰਿੰਦਰ ਸਿੰਘ ਕੁਕਲ ਲੀਡ-ਵਾਤਾਵਰਨ ਅਤੇ ਮੌਸਮੀ ਬਦਲਾਅ ਕੇਂਦਰ ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟੇ੍ਰਸ਼ਨ ਚੰਡੀਗੜ੍ਹ ਅਤੇ ਸਾਬਕਾ ਡੀਨ ਖੇਤੀਬਾੜੀ ਕਾਲਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ | ਉਨ੍ਹਾਂ ਨੇ ਡਾ. ਕੁਕਲ ਦੀਆਂ ਵਿਸ਼ੇਸ਼ ਅਕਾਦਮਿਕ ਉਪਲਬਧੀਆਂ ਅਤੇ ਅਧਿਆਪਨ ਵਿੱਚ ਉਨ੍ਹਾਂ ਦੀ ਲਗਭਗ 35 ਸਾਲਾਂ ਦੀ ਸਮਰਪਿਤ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੈਮੀਨਾਰ ਕਾਲਜ ਦੇ ਅਧਿਆਪਕਾਂ ਨੂੰ ਡਾ. ਕੁਕਲ ਦੇ ਵਿਸ਼ਾਲ ਅਧਿਆਪਨ ਅਨੁਭਵ ਤੋਂ ਲਾਭ ਪ੍ਰਾਪਤ ਕਰਨ ਲਈ ਕਰਵਾਇਆ ਗਿਆ ਹੈ | ਆਪਣੇ ਮੁੱਖ ਭਾਸ਼ਣ ਦੌਰਾਨ ਡਾ. ਕੁਕਲ ਨੇ ਪ੍ਰਭਾਵਸ਼ਾਲੀ ਅਧਿਆਪਨ ਦੇ ਮੂਲ ਤੱਤਾਂ, ਸਪਸ਼ਟਤਾ, ਢਾਂਚਾ ਤੇ ਵਿਦਿਆਰਥੀਆਂ ਦੀ ਭਾਗੀਦਾਰੀ ਉੱਤੇ ਜ਼ੋਰ ਦਿੱਤਾ | ਸੈਸ਼ਨ ਦੇ ਅੰਤ ਵਿਚ ਚਰਚਾ ਹੋਈ, ਜਿਸ ਵਿੱਚ ਅਧਿਆਪਕਾਂ ਨੇ ਅਕਾਦਮਿਕ ਤੌਰ 'ਤੇ ਨਵੀਂ ਜਾਣਕਾਰੀ ਨਾਲ ਲਗਾਤਾਰ ਜਾਣੂ ਰਹਿਣਾ, ਕਲਾਸ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਅਤੇ ਔਖੇ ਵਿਸ਼ੇ ਨੂੰ ਆਸਾਨ ਢੰਗ ਨਾਲ ਸਮਝਾਉਣ ਸੰਬੰਧੀ ਸਵਾਲ ਪੁੱਛੇ | ਡਾ. ਕੁਕਲ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਇਨ੍ਹਾਂ ਸਵਾਲਾਂ ਸੰਬੰਧੀ ਲਾਭਦਾਇਕ ਸੁਝਾਅ ਦਿੱਤੇ | ਅੰਤ ਵਿੱਚ ਡਾ. ਵਿਜੇ ਕੁਮਾਰ ਵਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ | ਪ੍ਰੋਗਰਾਮ ਦੀ ਕਾਰਵਾਈ ਆਂਚਲ ਕਟਾਰੀਆ ਵਲੋਂ ਸੁਚੱਜੇ ਢੰਗ ਨਾਲ ਚਲਾਈ ਗਈ |