ਹੁਸ਼ਿਆਰਪੁਰ, 11 ਮਾਰਚ (ਬਲਜਿੰਦਰਪਾਲ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸਮਾਗਮ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸੰਤ ਮਨਮੋਹਨ ਸਿੰਘ ਦੀ ਪੇ੍ਰਰਨਾ ਸਦਕਾ ਕਰਵਾਇਆ ਗਿਆ | ਇਸ ਮੌਕੇ ਸਕੱਤਰ ਪ੍ਰੋ. ਡਾ. ਵਿਜੇ ਧੀਰ ਤੇ ਹਰਦਮਨ ਸਿੰਘ ਮਿਨਹਾਸ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨ ਵੱਲੋਂ ਸਮਾਂ ਰੌਸ਼ਨ ਕਰਨ ਉਪਰੰਤ ਹੋਈ | ਜਿਸ ਤੋਂ ਬਾਅਦ ਸ਼ਬਦ ਗਾਇਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਵਿਜੇ ਧੀਰ ਨੇ ਕਿਹਾ ਕਿ ਔਰਤਾਂ ਅੱਜ ਦੇ ਸਮੇਂ 'ਚ ਹਰੇਕ ਖੇਤਰ 'ਚ ਮੋਹਰੀ ਰੋਲ ਅਦਾ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਚਾਹੇ ਉਹ ਵਿੱਦਿਆ ਦਾ ਖੇਤਰ ਹੋਵੇ, ਨਿਆਂਪਾਲਿਕਾ, ਆਰਮੀ, ਸਾਇੰਸ ਜਾਂ ਟੈਕਨੋਲਜੀ ਔਰਤਾਂ ਨੇ ਹਰੇਕ ਖੇਤਰ 'ਚ ਮੱਲ੍ਹਾਂ ਮਾਰੀਆਂ ਹਨ | ਉਨ੍ਹਾਂ ਭਾਰਤੀ ਸੰਵਿਧਾਨ ਦੀ ਸ਼ਲਾਘਾ ਕੀਤੀ ਜਿਸ ਨੇ ਔਰਤਾਂ ਨੂੰ ਵੋਟ ਤੇ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਔਰਤ ਨੂੰ ਵਧੀਆ ਦਰਜਾ ਮਿਲ ਚੁੱਕਾ ਹੈ, ਪਰ ਅਜੇ ਹੋਰ ਵੀ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਔਰਤ ਨੂੰ ਅਸਲ 'ਚ ਬਰਾਬਰਤਾ ਦਾ ਹੱਕ ਮਿਲ ਸਕੇ | ਇਸ ਮੌਕੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਸਵਿੱਤਰੀ ਬਾਈ ਫੁੱਲੇ ਅਤੇ ਜੋਤਿਬਾ ਬਾਈ ਫੁੱਲੇ ਦੇ ਜੀਵਨ ਸੰਘਰਸ਼ ਨੂੰ ਦਰਸਾਉਂਦਾ ਨਾਟਕ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਮਹਿਲਾ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਸ੍ਰਮਤੀ ਠਾਕੁਰ ਅਤੇ ਡਾ. ਹਰਪ੍ਰੀਤ ਕੌਰ ਵੱਲੋਂ ਨਿਭਾਈ ਗਈ ਜਦਕਿ ਵੱਖ-ਵੱਖ ਮੁਕਾਬਲਿਆਂ 'ਚ ਵੱਖ-ਵੱਖ ਜੱਜਾਂ ਦੀ ਭੂਮਿਕਾ ਸਪਨਾ ਸੂਦ, ਮੀਨਾ ਖੌਂਸਲਾ ਨੇ ਨਿਭਾਈ | ਸਮਾਗਮ ਦੇ ਅੰਤ 'ਚ ਡਿਪਟੀ ਡਾਇਰੈਕਟਰ ਯੂਥ ਵੈੱਲਫੇਅਰ ਸ਼ਾਇਨਾ ਪਰਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸੰਤ ਸਰਵਣ ਸਿੰਘ, ਅਕੈਡਮਿਕ ਡੀਨ ਗੁਰਮਾਣਿਤ ਕੌਰ, ਡਿਪਟੀ ਰਜਿਸਟਰਾਰ ਰੂਪ ਸਿੰਘ, ਪਿ੍ੰ. ਰਣਜੀਤ ਸਿੰਘ, ਨਰਸਿੰਗ ਕਾਲਜ ਦੇ ਪਿ੍ੰ. ਡਾ. ਮੰਜੂ ਚਾਵਲਾ ਤੇ ਸਮੂਹ ਸਟਾਫ ਵੀ ਹਾਜ਼ਰ ਸੀ |