ਨਵਾਂਸ਼ਹਿਰ, 11 ਮਾਰਚ (ਜਸਬੀਰ ਸਿੰਘ ਨੂਰਪੁਰ)-ਸਤਨਾਮ ਜਲਾਲਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਤੇ ਹਰਜੋਤ ਲੋਹਟੀਆ ਪ੍ਰਧਾਨ ਮਹਿਲਾ ਵਿੰਗ ਦੋਆਬਾ ਜੋਨ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਨ ਸਰਕਾਰ ਨੇ ਕੀਤੇ ਹੋਏ ਸਾਰੇ ਵਾਇਦੇ ਪੂਰੇ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਰੰਟੀ ਉੱਤੇ ਪੰਜਾਬ ਦੇ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਅਗਰ ਆਮ ਆਦਮੀ ਪਾਰਟੀ ਕੋਈ ਵਾਇਦਾ ਕਰਦੀ ਹੈ ਤਾਂ ਉਸ ਨੂੰ ਹਰ ਹਾਲਤ ਵਿਚ ਪੂਰਾ ਵੀ ਕਰਦੀ ਹੈ | ਉਨ੍ਹਾਂ ਸਿਰਫ ਮਹਿਲਾਵਾਂ ਨੂੰ ਹਜ਼ਾਰ ਰੁਪਈਆ ਹੀ ਨਹੀਂ ਦਿੱਤਾ ਬਲਕਿ ਐਸ.ਸੀ ਵਰਗ ਦੀਆਂ ਮਹਿਲਾਵਾਂ ਨੂੰ ਹਜਾਰ ਦੀ ਬਜਾਏ 1500 ਰੁਪਈਆ ਦੇਣ ਦਾ ਫੈਸਲਾ ਕੀਤਾ ਹੈ, ਜੋ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ | ਇਸ ਵਿੱਚ ਪੰਜਾਬ ਦੀਆਂ ਲਗਪਗ 97 ਫ਼ੀਸਦੀ ਮਹਿਲਾਵਾਂ, ਜ਼ਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੈ ਸ਼ਾਮਿਲ ਕੀਤੀਆਂ ਜਾਣਗੀਆਂ, ਜਿਸ ਲਈ ਪੰਜਾਬ ਸਰਕਾਰ ਨੇ ਆਪਣੇ ਬਜਟ ਵਿਚ 9300 ਕਰੋੜ ਰੁਪਈਆ ਇਸ ਯੋਜਨਾ ਲਈ ਰੱਖਿਆ ਹੈ | ਇਸ ਘੋਸ਼ਣਾ ਤੋਂ ਬਾਅਦ ਪੰਜਾਬ ਦੀਆਂ ਮਹਿਲਾਵਾਂ ਵਿੱਚ ਬਹੁਤ ਜਿਆਦਾ ਖੁਸ਼ੀ ਦਾ ਮਾਹੌਲ ਹੈ ਅਤੇ ਉਹ ਖੁਸ਼ੀ ਨਾਲ ਜਿੱਥੇ ਲੱਡੂ ਵੰਡ ਰਹੀਆਂ ਹਨ, ਉਥੇ ਹੀ ਉਨ੍ਹਾਂ ਵੱਲੋਂ ਗਿੱਧੇ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ | ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਵਿੱਚ ਆਪਣੇ ਸਾਰੇ ਵਾਇਦੇ ਪੂਰੇ ਕੀਤੇ ਅਤੇ ਇਸੇ ਤਰ੍ਹਾਂ ਹੁਣ ਪੰਜਾਬ ਵਿੱਚ ਵੀ ਜਿੱਥੇ ਸਾਰੇ ਵਾਇਦੇ ਪੂਰੇ ਕੀਤੇ, ਉੱਥੇ ਉਸ ਤੋਂ ਇਲਾਵਾ ਵੀ ਪੰਜਾਬ ਵਾਸੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਜਿਹੜੀਆਂ ਉਨ੍ਹਾਂ ਦੇ ਵਾਇਦੇ ਵਿੱਚ ਨਹੀਂ ਵੀ ਸਨ | ਇਸ ਸਮੇਂ ਕੁਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ਼ਹੀਦ ਭਗਤ ਸਿੰਘ ਨਗਰ ਵੀ ਹਾਜ਼ਰ ਸਨ |