ਬੰਗਾ, 27 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸਕੂਲੀ ਸਿੱਖਿਆ 'ਚ ਆਧੁਨਿਕ ਤਕਨੀਕਾਂ ਨੂੰ ਸ਼ਾਮਿਲ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਏ. ਆਈ. ਮਨਸੂਈ ਬੁੱਧੀ ਦੀ ਵਰਤੋਂ ਸਬੰਧੀ ਪਹਿਲੀ ਵਰਕਸ਼ਾਪ ਲਗਾਈ ਗਈ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਏ. ਆਈ. ਸੰਬੰਧੀ ਹੁਨਰਾਂ ਨੂੰ ਵਿਕਸਿਤ ਕਰਨਾ ਸੀ, ਤਾਂ ਜੋ ਪੰਜਾਬ ਦੀ ਨਵੀਂ ਪੀੜੀ ਨਵੀਂਆਂ ਤਕਨੀਕਾਂ ਨੂੰ ਆਪਣੀ ਸਿੱਖਿਆ ਦਾ ਹਿੱਸਾ ਬਣਾ ਸਕੇ | ਆਦਰਸ਼ ਸਕੂਲ ਖਟਕੜ ਕਲਾਂ ਦੇ ਪਿ੍ੰਸੀਪਲ ਮੈਡਮ ਰੁਪਿੰਦਰ ਕੌਰ ਨੇ ਅੱਗੇ ਦੱਸਿਆ ਕਿ ਇਸ ਵਿਚ 20 ਸਕੂਲਾਂ ਦੇ 60 ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੂੰ ਪ੍ਰੋਜੈਕਟ ਤਿਆਰ ਕਰਨ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ | ਉਨ੍ਹਾਂ ਦੇ ਪ੍ਰੋਜੈਕਟਾਂ ਦਾ ਮੁਲਾਂਕਣ ਏ. ਆਈ. ਮਾਹਿਰਾਂ ਦੇ ਪੈਨਲ ਵਲੋਂ ਕੀਤਾ ਗਿਆ | ਇਸ ਵਰਕਸ਼ਾਪ ਵਿਚ ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਖਟਕੜ ਕਲਾਂ ਦੇ ਤਿੰਨ ਵਿਦਿਆਰਥੀ ਅਰਸ਼ਦੀਪ ਸਿੰਘ, ਤਰਨਪ੍ਰੀਤ ਸਿੰਘ ਤੇ ਅਮਨਜੋਤ ਕੌਰ ਨੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਉਨ੍ਹਾਂ ਨੂੰ ਗਿਆਰਾਂ ਹਜਾਰ ਰੁਪਏ ਨਕਦ ਇਨਾਮ ਤੇ ਸਰਟੀਫਿਕੇਟ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਪ੍ਰਦਾਨ ਕੀਤਾ ਗਿਆ | ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਕੰਪਿਊਟਰ ਲੈਕਚਰਾਰ ਸੁਮੇਸ਼ ਅਗਨੀਹੋਤਰੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਨਾਲ ਤਿਆਰੀ ਕਰਵਾਈ |