ਮਜਾਰੀ/ਸਾਹਿਬਾ, 28 ਮਾਰਚ (ਨਿਰਮਲਜੀਤ ਸਿੰਘ ਚਾਹਲ)- ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾਂ ਪ੍ਰਬੰਧਕ ਕਮੇਟੀ ਨੇ ਰਾਜ ਮਾਰਗ ਦੇ ਕਿਨਾਰੇ ਦੁਕਾਨਾਂ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਅੰਦਰ ਦੁਕਾਨਾਂ ਲਈ ਛੱਡੀ ਜਗ੍ਹਾ 'ਤੇ ਹੀ ਦੁਕਾਨਾ ਲਗਾਉਣ | ਇਸ ਬਾਰੇ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ, ਸੈਕਟਰੀ ਜੋਗਾ ਸਿੰਘ, ਗੁਰਬਖਸ਼ ਸਿੰਘ ਤੇ ਮੱਖਣ ਸਿੰਘ ਨੇ ਦੱਸਿਆ ਕਿ ਇਸ ਅਸਥਾਨ 'ਤੇ ਹਰ ਵੀਰਵਾਰ ਨੂੰ ਮੇਲਾ ਭਰਦਾ ਹੈ | ਜਿਥੇ ਇਲਾਕੇ ਪੱਧਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ | ਦਰਬਾਰ ਦੇ ਸਾਹਮਣੇ ਤੋਂ ਰਾਜ ਮਾਰਗ ਲੰਘਦਾ ਹੈ | ਜਿਥੇ ਹਮੇਸ਼ਾ ਆਵਾਜਾਈ ਬਹੁਤ ਜਿਆਦਾ ਬਣੀ ਰਹਿੰਦੀ ਹੈ | ਵੀਰਵਾਰ ਵਾਲੇ ਦਿਨ ਸੰਗਤਾਂ ਦਾ ਵੀ ਰਸ਼ ਵੱਧ ਜਾਂਦਾ ਹੈ | ਸੜਕ ਦੇ ਕਿਨਾਰੇ 'ਤੇ ਕਾਫੀ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਹਨ | ਜਿਸ ਕਾਰਨ ਇਥੇ ਕੋਈ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਦਰਬਾਰ ਦੇ ਸਾਹਮਣੇ ਅੰਦਰ ਵਾਲੇ ਪਾਸੇ ਦੁਕਾਨਾਂ ਲਈ ਜਗ੍ਹਾ ਛੱਡੀ ਹੋਈ ਹੈ | ਜਿਥੇ ਸਾਰੀਆਂ ਦੁਕਾਨਾਂ ਲੱਗਦੀਆਂ ਹਨ | ਉੱਥੇ ਹੋਰ ਵੀ ਬਹੁਤ ਜਗ੍ਹਾ ਪਈ ਹੈ | ਸੰਗਤਾਂ ਦੀ ਸਰੱਖਿਆ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੇ ਦੁਕਾਨਦਾਰ ਅੰਦਰ ਹੀ ਦੁਕਾਨਾ ਲਗਾਉਣ | ਉਨ੍ਹਾਂ ਦੱਸਿਆ ਕਿ ਇਸ ਬਾਰੇ ਕਮੇਟੀ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਵੀ ਲਿਖਤੀ ਰੂਪ ਵਿੱਚ ਦਰਖਾਸਤ ਦਿੱਤੀ ਹੈ | ਜਿਸ 'ਤੇ ਸਦਰ ਪੁਲਿਸ ਬਲਾਚੌਰ ਵਲੋਂ ਵੀ ਇਥੇ ਪਹੁੰਚ ਕੇ ਦੁਕਾਨਦਾਰਾਂ ਨੂੰ ਸੜਕ ਸੁਰੱਖਿਆ ਦੇ ਮੁੱਦੇਨਜ਼ਰ ਦੁਕਾਨਾਂ ਸੜਕ ਤੋਂ ਹੱਟ ਕੇ ਲਗਾਉਣ ਲਈ ਕਿਹਾ ਗਿਆ ਹੈ | ਇਸ ਮੌਕੇ ਸੂਬੇ. ਸੁਰਜੀਤ ਸਿੰਘ ਸਿੰਬਲ ਮਜਾਰਾ, ਕੁਲਦੀਪ ਸਿੰਗ ਰੁੜਕੀ ਕਲਾਂ, ਉਕਾਂਰ ਸਿੰਘ, ਕਮਲਜੀਤ ਸਿੰਘ ਸਾਹਦੜਾ, ਬਿੱਟੂ ਸਿੰਬਲ ਮਜਾਰਾ, ਸੁਖਵਿੰਦਰ ਸਿੰਘ ਸੁੱਖਾ ਰੱਕੜਾਂ ਢਾਹਾ, ਮੱਖਣ ਸਿੰਘ ਗੁੱਲਪੁਰ, ਸਤਨਾਮ ਸਿੰਘ ਭਾਨਮਜਾਰਾ ਆਦਿ ਹਾਜਰ ਸਨ |