ਸੜੋਆ, 2 ਅਪ੍ਰੈਲ (ਹਰਮੇਲ ਸਹੂੰਗੜਾ)-ਬੀਤੇ ਦਿਨੀਂ ਪਿੰਡ ਨੂਰਪੁਰ ਜੱਟਾਂ ਤਹਿਸੀਲ ਗੜ੍ਹਸ਼ੰਕਰ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਆਦਮ ਕੱਦ ਬੁੱਤ ਨੂੰ ਤੋੜਿਆ ਗਿਆ ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਸੋਸ਼ਲ ਮੀਡੀਆ 'ਤੇ ਐਕਟਿਵ ਕਾਂਗਰਸ ਦੇ ਵਰਕਰ ਕੁਲਵਿੰਦਰ ਸਿੰਘ ਮੰਡ ਨੇ ਸੜੋਆ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਸਮਾਜ ਵਿਰੋਧੀ ਤਾਕਤਾਂ ਜੋ ਕਿ ਪੰਜਾਬ ਅੰਦਰ ਗੁੰਡਾ ਰਾਜ ਅਤੇ ਦਹਿਸ਼ਤਵਾਦ ਫੈਲਾਉਣਾ ਚਾਹੁੰਦੀਆਂ ਹਨ, ਸਰਕਾਰ ਗੁੰਡਾ ਅੰਸਰਾਂ ਨੂੰ ਨੱਥ ਪਾਉਣ 'ਚ ਨਾਕਾਮ ਰਹੀ ਹੈ | ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਦੇਸ਼ ਵਿਰੋਧੀ ਤਾਕਤਾਂ ਦੇ ਇਸ਼ਾਰੇ 'ਤੇ ਬਾਬਾ ਸਾਹਿਬ ਭੀਮ ਰਾਓ ਦੇ ਆਦਮ ਕੱਦ ਬੁੱਤ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਉਹਨਾਂ ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਇਕੱਠੇ ਹੋ ਕੇ ਹੀ ਮੂੰਹ ਤੋੜ ਜਵਾਬ ਦਿੱਤਾ ਜਾ ਸਕਦਾ ਹੈ | ਇਸ ਮੌਕੇ ਭੁਪਿੰਦਰ ਸਿੰਘ ਮਾਣੇਵਾਲ, ਰਣਜੀਤ ਸਿੰਘ ਤੇ ਬਲਵਿੰਦਰ ਸਿੰਘ ਮਾਣੇਵਾਲ ਆਦਿ ਹਾਜ਼ਰ ਸਨ |