ਬੰਗਾ, 6 ਅਪ੍ਰੈਲ (ਧਰਮਵੀਰ ਪਾਲ)-ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਮੀਨਾ ਸੂੰਢ (ਸੁਪਤਨੀ ਸਵ: ਚੌਧਰੀ ਤਰਲੋਚਨ ਸਿੰਘ ਸੂੰਢ, ਸਾਬਕਾ ਵਿਧਾਇਕ ਬੰਗਾ) ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ 'ਤੇ ਤਿੱਖੀ ਪ੍ਰਤੀਕਿਰਿਆ ਜਤਾਉਂਦੇ ਹੋਏ ਕਿਹਾ ਕਿ ਸੂਬੇ ਦਾ ਲਗਪਗ ਹਰ ਵਰਗ ਇਸ ਸਮੇਂ ਸਰਕਾਰ ਤੋਂ ਨਾਰਾਜ਼ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ, ਖਾਸ ਕਰਕੇ ਮਨਰੇਗਾ ਵਰਕਰ, ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਵਲੋਂ ਬੰਦ ਕੀਤੀ ਮਨਰੇਗਾ ਸਕੀਮ ਨੂੰ ਮੁੜ ਚਾਲੂ ਕਰਵਾਉਣ ਵਿਚ ਰਾਜ ਸਰਕਾਰ ਅਸਫ਼ਲ ਰਹੀ ਹੈ, ਜਿਸ ਕਾਰਨ ਗ਼ਰੀਬ ਵਰਗ ਦੀ ਆਰਥਿਕ ਹਾਲਤ ਪ੍ਰਭਾਵਿਤ ਹੋਈ ਹੈ | ਮੀਨਾ ਸੂੰਢ ਨੇ ਕਿਹਾ ਕਿ ਕਿਸਾਨ ਵਰਗ ਵੀ ਸਰਕਾਰ ਤੋਂ ਖੁਸ਼ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਮੁੱਦੇ ਹੱਲ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਲੋਕਾਂ ਨੇ ਚਾਰ ਸਾਲ ਪਹਿਲਾਂ ਵੱਡੇ ਭਰੋਸੇ ਨਾਲ ਆਮ ਆਦਮੀ ਪਾਰਟੀ ਨੂੰ ਸਤਾ ਵਿਚ ਲਿਆਂਦਾ ਸੀ, ਪਰ ਹੁਣ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੰਗਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤ ਹਾਸਲ ਕਰੇਗਾ ਤੇ ਪੰਜਾਬ ਵਿਚ ਵੀ ਕਾਂਗਰਸ ਦੀ ਸਰਕਾਰ ਬਣੇਗੀ | ਇਸ ਮੌਕੇ ਕੁਲਵਰਨ ਸਿੰਘ ਗਿੱਲ ਥਾਂਦੀਆਂ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਅਮਰਜੀਤ ਸਿੰਘ ਕਲਸੀ ਬਲਾਕ ਪ੍ਰਧਾਨ ਸੇਵਾ ਦਲ, ਧਰਮਪਾਲ ਸੂੰਢ, ਤਾਰਾ ਚੰਦ, ਆਕਾਸ਼ ਸ਼ਰਮਾ ਤੇ ਹੋਰ ਹਾਜ਼ਰ ਸਨ |