ਕਟਾਰੀਆਂ, 6 ਅਪ੍ਰੈਲ (ਪ੍ਰੇਮੀ ਸੰਧਵਾਂ)-ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਮਕਸੂਦਪੁਰ-ਸੂੰਢ ਮੰਡੀ 'ਚ ਕਣਕ ਦੀ ਖਰੀਦ ਲਈ ਚੱਲ ਰਹੀ ਤਿਆਰੀ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ 'ਚ ਉੱਗੇ ਘਾਹ-ਫ਼ੂਸ ਦੀ ਸਫ਼ਾਈ ਕਰਵਾਈ ਜਾ ਰਹੀ ਹੈ, ਤਾਂ ਜੋ ਕਿਸੇ ਵੀ ਕਿਸਾਨ ਵੀਰ ਨੂੰ ਮੰਡੀ ਕਣਕ ਲਿਆਉਣ ਤੇ ਲਹਾਉਣ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ | ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਾਵੇਂ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ ਮਕਸੂਦਪੁਰ-ਸੂੰਢ ਦਾਣਾ ਮੰਡੀ 'ਚ ਕਣਕ ਦੀ ਆਮਦ ਆਖਰ ਦੇਰ ਨਾਲ ਸ਼ੁਰੂ ਹੁੰਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਭਰਾ ਜਲਦਬਾਜ਼ੀ ਵਿਚ ਕਣਕ ਹਰੀ ਵਢਾ ਕੇ ਮੰਡੀ ਨਾ ਲਿਆਉਣ, ਸਗੋਂ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਕਣਕ ਦੀ ਫ਼ਸਲ ਮੰਡੀਆਂ ਵਿਚ ਲੈ ਕੇ ਆਉਣ, ਤਾਂ ਜੋ ਕਿਸੇ ਵੀ ਕਿਸਾਨ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ | ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਵਾਰ ਦੀ ਤਰ੍ਹਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਤੇ ਜਿਣਸ ਦੀ ਅਦਾਇਗੀ ਵੀ ਕਿਸਾਨਾਂ ਦੇ ਖਾਤਿਆਂ 'ਚ ਸਰਕਾਰੀ ਹਦਾਇਤਾਂ ਅਨੁਸਾਰ ਕੀਤੀ ਜਾਵੇਗੀ |