ਰਾਹੋਂ, 6 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਹਰਦੀਪ ਸਿੰਘ ਗਿੱਲ ਵਾਈਸ ਚੇਅਰਮੈਨ ਰਾਸ਼ਟਰੀ ਸਫ਼ਾਈ ਕਮਿਸ਼ਨ ਵੱਲੋਂ ਨਗਰ ਕੌਂਸਲ ਰਾਹੋਂ ਵਿਖੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ, ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਅਤੇ ਸਫਾਈ ਕਰਮੀਆਂ ਨਾਲ ਮੀਟਿੰਗ ਕੀਤੀ | ਸਫ਼ਾਈ ਕਰਮੀਆਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੂਹ ਸਫ਼ਾਈ ਕਰਮੀਆਂ ਅਤੇ ਸੀਵਰੇਜ ਦੀ ਸਫਾਈ ਕਰਨ ਵਾਲੇ ਕਰਮੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਦਾ ਹਰ ਮਹੀਨੇ ਪੀ. ਐੱਫ. ਕੱਟਿਆ ਜਾਵੇ ਅਤੇ ਇਸ ਦੀ ਡਿਟੇਲ ਸਫਾਈ ਕਰਮੀਆਂ ਨਾਲ ਸਾਂਝੀ ਕੀਤੀ ਜਾਵੇ | ਇਸ ਤੋਂ ਇਲਾਵਾ ਸਫਾਈ ਕਰਮੀਆਂ ਨੂੰ ਵਰਦੀਆਂ, ਸਫਾਈ ਲਈ ਸਾਜੋ ਸਮਾਨ, ਮਾਸਕ ਆਦਿ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇ | ਇਸਦੇ ਨਾਲ ਹੀ ਸਮੂਹ ਸਫ਼ਾਈ ਕਰਮੀਆਂ ਦਾ ਮੈਡੀਕਲ, ਐਕਸੀਡੈਂਟ ਬੀਮਾ ਕਰਾਉਣ ਦੇ ਨਾਲ ਸਮੇਂ-ਸਮੇਂ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਉੱਪਰ ਕਿਰਤ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਵੀ ਸਫ਼ਾਈ ਸੇਵਕ ਸੀਵਰੇਜ ਵਿਭਾਗ ਜਾਂ ਨਗਰ ਕੌਂਸਲ ਵਿਭਾਗ ਵਿਚ ਕੰਮ ਕਰਦੇ ਹਨ, ਉਨ੍ਹਾਂ ਦੇ ਆਈ ਕਾਰਡ ਬਣਾਏ ਜਾਣ ਅਤੇ ਆਈ ਕਾਰਡ ਦੇ ਉੱਪਰ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੇ ਨਾਲ ਬਲੱਡ ਗਰੁੱਪ ਜਰੂਰ ਲਿਖਿਆ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਨੂੰ ਸੇਫਟੀ ਕਿੱਟਾਂ ਜਰੂਰ ਮੁਹੱਈਆ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੈਨੂਅਲ (ਹੱਥ ਨਾਲ) ਸੀਵਰੇਜ ਸਫਾਈ ਕਰਨ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਸੀਵਰੇਜ ਦੀ ਸਫ਼ਾਈ ਮਸ਼ੀਨ ਰਾਹੀਂ ਯਕੀਨੀ ਬਣਾਉਣ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਕੰਮ ਦੌਰਾਨ ਕਿਸੇ ਸਫ਼ਾਈ ਕਰਮਚਾਰੀ ਨਾਲ ਹਾਦਸਾ ਹੋਣ 'ਤੇ ਪਹਿਲਾਂ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ, ਜਿਸ ਨੂੰ ਵਧਾ ਕੇ 30 ਲੱਖ ਰੁਪਏ ਕਰ ਦਿੱਤਾ ਗਿਆ ਹੈ ਜੇਕਰ ਮੁਆਵਜ਼ਾ ਮਿਲਣ ਵਿੱਚ ਦੇਰੀ ਹੁੰਦੀ ਹੈ ਤਾਂ ਆਯੋਗ ਤੁਰੰਤ ਕਾਰਵਾਈ ਕਰਦਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ | ਇਸ ਮੌਕੇ ਆਰ. ਟੀ. ਓ. ਇੰਦਰਪਾਲ ਸਿੰਘ, ਡੀ. ਐੱਸ. ਪੀ. ਐੱਚ.ਐੱਸ. ਰੰਧਾਵਾ, ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਈ. ਓ. ਮਨੀਸ਼ ਕੁਮਾਰ, ਈ. ਓ. ਰਾਜੀਵ ਸਰੀਨ, ਈ. ਓ. ਸਿਮਰਨ ਢੀਂਡਸਾ, ਐੱਸ.ਓ. ਸੁਰਿੰਦਰ ਪਾਲ, ਇੰਸਪੈਕਟਰ ਪ੍ਰੀਤਮ ਸਿੰਘ, ਅਕਾਊਾਟੈਂਟ ਸਤਨਾਮ ਸਿੰਘ, ਅਕਾਊਾਟੈਂਟ ਜਸਵੰਤ ਸਿੰਘ, ਵਾਈਸ ਪ੍ਰਧਾਨ ਮਹਿੰਦਰ ਪਾਲ, ਲਾਲੀ ਜੋਸ਼ੀ, ਟਿਕਮ ਚੌਧਰੀ, ਸੰਜੀਵ ਅਟਵਾਲ ਵਾਈਸ ਪ੍ਰਧਾਨ ਬੀ.ਜੇ.ਪੀ ਪੰਜਾਬ, ਮਨਜੀਤ ਕੌਰ, ਜਗਦੀਪ ਸਿੰਘ, ਬੋਬੀ ਵਸਿਸ਼ਟ, ਤਿਲਦੀਪ ਸਿੰਘ ਹੁੰਦਲ, ਸਰਬਜੀਤ ਸਿੰਘ ਸੰਧੂ, ਕਵਰਪ੍ਰਤਾਪ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ |