ਰਾਹੋਂ, 7 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਜਥੇਦਾਰ ਫਾਰਮ ਅਤੇ ਰਿਜ਼ੋਰਟ ਝੰਡੇਵਾਲ ਰੋਡ ਰਾਹੋਂ ਨਵਾਂਸ਼ਹਿਰ ਵਿਖੇ ਪੰਜਾਬ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਤਨਾਮ ਸਿੰਘ ਭਾਰਟਾ ਅਤੇ ਪ੍ਰਭਜੋਤ ਸਿੰਘ ਭਾਰਟਾ ਦੀ ਅਗਵਾਈ ਵਿਚ ਬਾਡੀ ਬਿਲਡਿੰਗ ਦੇ ਵੱਖ-ਵੱਖ ਕੈਟਾਗਰੀ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਪੱਧਰ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ | ਜਿਨ੍ਹਾਂ ਦੇ ਜੇਤੂਆਂ ਨੂੰ ਨਕਦ ਇਨਾਮ, ਸੁੰਦਰ ਟਰਾਫੀ ਤੇ ਸਰਟੀਫਿਕੇਟ ਦਿੱਤੇ ਗਏ | ਇਸ ਓਪਨ ਪੰਜਾਬ ਕਲਾਸਿਕ ਬਾਡੀ ਬਿਲਡਿੰਗ ਵਿੱਚ ਪੰਜਾਬ ਓਵਰ ਆਲ ਹਰਜੋਤ ਰਾਏ ਗੜ੍ਹਸ਼ੰਕਰ ਜੇਤੂ ਰਹੇ ਜਿਹਨਾਂ ਨੂੰ ਸਰਟੀਫਿਕੇਟ, ਟਰਾਫੀ ਅਤੇ 21000 ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਮੈਨ ਫਿਜ਼ਿਕਸ ਓਵਰਆਲ ਜੂਨੀਅਰ ਰਣਜੀਤ ਸਿੰਘ ਸ਼ਾਹਕੋਟ ਰਹੇ | ਇਸੇ ਤਰ੍ਹਾਂ ਬਾਕੀ ਪ੍ਰਤੀਯੋਗੀਆਂ ਨੂੰ ਨਕਦ ਇਨਾਮ, ਟਰਾਫੀ ਅਤੇ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਏ. ਸੀ. ਪੀ ਰਾਜ ਚੌਧਰੀ ਅਤੇ ਜੋਲੀ ਸਿੰਘ ਪ੍ਰਧਾਨ ਪੰਜਾਬ ਨੇ ਜੇਤੂ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਸਤਨਾਮ ਸਿੰਘ ਭਾਰਟਾ ਵਾਇਸ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਇਸ ਮੌਕੇ ਜੱਜਾਂ ਦੀ ਭੂਮਿਕਾ ਐਮਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਜੌਲੀ ਸਿੰਘ, ਮਨੀਸ਼, ਰਵਿੰਦਰ ਜੱਗੀ, ਰਣਜੀਤ ਸਿੰਘ, ਵਿਸ਼ਾਲ ਸ਼ਰਮਾ, ਮੁਕੁਲ ਸੋਢੀ, ਦੁਆਰਾ ਨਿਭਾਈ ਗਈ | ਇਨ੍ਹਾਂ ਮੁਕਾਬਲਿਆਂ ਵਿੱਚ ਜੱਥੇਦਾਰ ਬਹਾਦਰ ਸਿੰਘ ਭਾਰਟਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਆਖਿਆ ਕਿ ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਵਿਚ ਗਰਕਦੀ ਹੋਈ ਬਦਨਾਮ ਹੋ ਰਹੀ ਹੈ, ਉਥੇ ਹੀ ਪੰਜਾਬ ਦੇ ਨੌਜਵਾਨ ਅਜਿਹੇ ਵੀ ਹਨ ਜੋ ਵਿਸ਼ਵ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ | ਇਸ ਮੌਕੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਨਸ਼ੇ ਜਿਹੀਆਂ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣ ਤੇ ਆਪਣੀ ਸਿਹਤ ਵੱਲ ਧਿਆਨ ਦੇਣ | ਜੱਥੇਦਾਰ ਫਾਰਮ ਦੇ ਸੰਚਾਲਕ ਪ੍ਰਭਜੋਤ ਸਿੰਘ ਭਾਰਟਾ ਨੇ ਦੱਸਿਆ ਕਿ ਜਵਾਨੀ ਨੂੰ ਰਾਹੋਂ ਭਟਕਣ ਤੋਂ ਬਚਾਉਣ ਲਈ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ | ਇਸ ਇਨਾਮ ਵੰਡ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਸਫਾਈ ਕਰਮਚਾਰੀ ਕਮਿਸ਼ਨ ਭਾਰਤ ਸਰਕਾਰ, ਇੰਦਰ ਜਲੰਧਰ, ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਡਾ. ਵਰਿੰਦਰ ਸਿੱਧੂ, ਸਰਬਜੀਤ ਸਿੰਘ ਕਾਲਾ, ਲਾਲੀ ਜੋਸ਼ੀ, ਟਿਕਮ ਚੌਧਰੀ, ਸੁਰਿੰਦਰ ਸਿੰਘ, ਬਲਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ |