ਨਵਾਂਸ਼ਹਿਰ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਭਗਤ ਕਬੀਰ ਜੀ ਦੀ ਯਾਦ 'ਚ ਪਿੰਡ ਚੂਹੜਪੁਰ ਵਿਖੇ ਕਰਨ ਹਸਪਤਾਲ ਬੰਗਾ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 140 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕਰਨ ਹਸਪਤਾਲ ਦੇ ਮੁਖੀ ਡਾਕਟਰ ਬਖਸ਼ੀਸ਼ ਨੇ ਆਖਿਆ ਕਿ ਇਸ ਕੈਂਪ ਦੌਰਾਨ ਮਰੀਜਾਂ ਦੇ ਲੈਬ ਟੈੱਸਟ ਵੀ ਮੁਫ਼ਤ ਕੀਤੇ ਗਏ | ਉਹਨਾਂ ਆਖਿਆ ਕਿ ਭਗਤ ਕਬੀਰ ਜੀ ਨੇ ਲੋਕਾਂ 'ਚ ਇਨਕਲਾਬੀ ਚੇਤਨਾ ਪੈਦਾ ਕੀਤੀ | ਉਹਨਾਂ ਆਖਿਆ ਕਿ ਭਗਤ ਕਬੀਰ ਜੀ ਦੀ ਬਾਣੀ ਸਾਨੂੰ ਜਿੱਥੇ ਸਮਾਜਿਕ ਸੇਧ ਦਿੰਦੀ ਹੈ ਉੱਥੇ ਸਾਨੂੰ ਰੂਹਾਨੀਅਤ ਨਾਲ ਜੁੜਨ ਦਾ ਵੀ ਉਪਦੇਸ਼ ਦਿੰਦੀ ਹੈ | ਉਹਨਾਂ ਆਖਿਆ ਕਿ ਸਾਨੂੰ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ ਹੈ | ਉਹਨਾਂ ਆਖਿਆ ਕਿ ਚੂਹੜਪੁਰ ਦੇ ਪ੍ਰਬੰਧਕਾਂ ਵੱਲੋਂ ਜੋ ਭਗਤ ਕਬੀਰ ਜੀ ਦੀ ਯਾਦ 'ਚ ਮੈਡੀਕਲ ਕੈਂਪ ਲਗਾਇਆ ਗਿਆ, ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ 'ਤੇ ਜਗਦੀਸ਼ ਸੁਮਨ, ਬਲਵੀਰ ਕੁਮਾਰ, ਹਰਭਜਨ ਸਿੰਘ, ਸੰਤੋਖ ਸਿੰਘ, ਨਿਰਮਲ ਦਾਸ, ਮੋਹਣ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |