ਬੰਗਾ, 8 ਅਪ੍ਰੈਲ (ਧਰਮਵੀਰ ਪਾਲ)-ਰਿਟਾਇਰਡ ਸੀਨੀਅਰ ਰੇਡੀਓਗਰਾਫਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਗੋਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਦੇ ਸ਼ੁਰੂਆਤ ਵਿੱਚ ਪਿਛਲੇ ਸਮੇਂ ਵਿੱਚ ਸਦੀਵੀ ਵਿਛੋੜਾ ਦੇ ਗਏ ਸੂਬਾਈ ਮੈਂਬਰ ਦਰਸ਼ਨ ਸਿੰਘ ਭੱਟੀ ਅਤੇ ਦਰਸ਼ਨ ਸਿੰਘ ਉਪਲ ਨੂੰ ਮੌਨ ਰਹਿਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੀਟਿੰਗ ਵਿੱਚ ਪੰਜਾਬ ਦੀ ਮਾਨ ਸਰਕਾਰ ਵਲੋਂ ਪੰਜਾਬ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਵਿਤੀ ਮੰਗਾਂ ਨੂੰ ਅੱਖੋ ਪਰੋਖੇ ਕਰਨ ਦੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾਂ ਕੀਤੀ ਗਈ ਅਤੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਲਾਗੂ ਕਰਨ ਦੀ ਅਪੀਲ ਕੀਤੀ ਗਈ | ਇੱਕ ਹੋਰ ਮਤੇ ਰਾਹੀਂ ਪੰਜਾਬ ਦੇ ਨਰਸਿੰਗ ਸਟਾਫ਼ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਚਲ ਰਹੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਸਰਕਾਰ ਵੱਲੋਂ ਐਸਮਾ ਵਰਗੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਕੇ ਸੰਘਰਸ਼ ਨੂੰ ਅਸਫਲ ਕਰਨ ਦੀਆਂ ਕੋਝੀਆਂ ਚਾਲਾਂ ਦੀ ਨਿੰਦਾ ਕੀਤੀ ਗਈ | ਮੀਟਿੰਗ ਦੌਰਾਨ 8 ਨਵੰਬਰ ਨੂੰ 'ਸੰਸਾਰ ਰੇਡੀਓਗਰਾਫੀ ਦਿਵਸ' ਮਨਾਉਣ ਲਈ ਨਵੇਂ ਸਥਾਨ ਦੀ ਚੋਣ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਗੁਰਵਿੰਦਰ ਸਿੰਘ ਭੁੱਲਰ, ਹਰੀ ਬਿਲਾਸ, ਚੰਦਰ ਪ੍ਰਕਾਸ਼ ਗਰਗ ਅਤੇ ਜਗਦੀਸ਼ ਸਿੰਘ ਢਿੱਲੋਂ ਸ਼ਾਮਲ ਹੋਣਗੇ | ਇਸ ਮੌਕੇ ਗੋਪਾਲ ਸਿੰਘ ਸੰਧੂ, ਪ੍ਰੇਮਜੀਤ ਸਿੰਘ ਕੈਸ਼ੀਅਰ ਤੇ ਬਲੀ ਮੁਹੰਮਦ ਮਲੇਰਕੋਟਲਾ ਆਦਿ ਹਾਜ਼ਰ ਸਨ |