ਨਵਾਂਸ਼ਹਿਰ, 9 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)- ਸਿੱਖਿਆ ਵਿਭਾਗ ਪੰਜਾਬ ਦੇ ਨਵੇਂ ਤੁਗ਼ਲਕੀ ਫ਼ਰਮਾਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਨਵੇਂ ਭੰਬਲਭੂਸੇ ਵਿੱਚ ਪਾ ਛੱਡਿਆ ਹੈ | ਸਰਕਾਰੀ ਸਕੂਲਾਂ ਵਿੱਚ ਐਮ ਸਟਾਰ ਈ ਪੰਜਾਬ ਰਾਹੀਂ ਲਾਗੂ ਕੀਤੀ ਜਾ ਰਹੀ ਆਨਲਾਈਨ ਹਾਜ਼ਰੀ ਪ੍ਰਣਾਲੀ ਜਿੱਥੇ ਅਧਿਆਪਕਾਂ ਲਈ ਸਿਰਦਰਦੀ ਬਣੀ ਹੋਈ ਹੈ, ਉੱਥੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੀ ਭੈੜਾ ਅਸਰ ਪਾ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਡੀ.ਟੀ.ਐਫ ਦੇ ਆਗੂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਔਜਲਾ, ਜ਼ਿਲ੍ਹਾ ਪ੍ਰੈੱਸ ਸਕੱਤਰ ਚੰਦਰ ਸ਼ੇਖਰ ਔਲੀਆਪੁਰ, ਸਤਨਾਮ ਮੀਰਪੁਰੀ, ਭੁਪਿੰਦਰ ਸੜੋਆ ਅਤੇ ਅਜੇ ਕੁਮਾਰ ਚਾਹੜ ਮਜਾਰਾ ਨੇ ਕਿਹਾ ਕਿ ਇਹ ਨਵੀਂ ਪ੍ਰਣਾਲੀ ਤਹਿਤ ਸਕੂਲਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣਾ ਦੱਸਿਆ ਜਾ ਰਿਹਾ ਹੈ | ਪਰ ਜ਼ਮੀਨੀ ਹਕੀਕਤ ਅਧਿਆਪਕਾਂ ਨੂੰ ਕਈ ਤਕਨੀਕੀ ਤੇ ਪ੍ਰਬੰਧਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਵਿਸਤਰਿਤ ਜਾਣਕਾਰੀ ਸਾਂਝੀ ਕਰਦਿਆਂ ਡੀ.ਟੀ.ਐਫ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਵਿੱਦਿਅਕ ਸੰਸਥਾਵਾਂ ਨੂੰ ਪ੍ਰਯੋਗਸ਼ਾਲਾਵਾਂ ਬਣਾ ਕੇ ਰੱਖ ਦਿੱਤਾ ਹੈ | ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇੱਕ ਨਿੱਜੀ ਕੰਪਨੀ ਨਾਲ਼ ਮਿਲ ਕੇ ਬਣਾਏ ਗਏ ਇਸ ਐਪ ਰਾਹੀਂ ਹਰ ਰੋਜ਼ ਨਿਯਮਤ ਸਮੇਂ 'ਤੇ ਹਾਜ਼ਰੀ ਲਗਾਉਣ ਲਈ ਫ਼ਰਮਾਨ ਜਾਰੀ ਕੀਤਾ ਗਿਆ ਹੈ, ਜਿਹੜੀ ਅਧਿਆਪਕ ਵਰਗ ਲਈ ਵੱਡੀ ਚਣੌਤੀ ਬਣ ਰਿਹਾ ਹੈ | ਸਾਰੇ ਸੂਬੇ ਅੰਦਰ ਇੱਕੋ ਸਮੇਂ ਐਪ 'ਤੇ ਚੱਲਣ ਕਾਰਨ ਸਰਵਰ ਰੁੱਝਿਆ ਹੁੰਦਾ ਹੈ ਅਤੇ ਹਾਜ਼ਰੀ ਨਹੀਂ ਲੱਗਦੀ | ਜਿਸ ਕਾਰਨ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਭਾਵੇਂ ਅਧਿਆਪਕ ਸਮੇਂ ਸਿਰ ਸਕੂਲ 'ਚ ਹਾਜ਼ਰ ਵੀ ਹੋ ਜਾਂਦਾ ਹੈ, ਪਰ ਇਹ ਐਪ ਅਧਿਆਪਕਾਂ ਨੂੰ ਆਪਣੇ ਆਪ ਗ਼ੈਰਹਾਜ਼ਰ ਕਰ ਦਿੰਦਾ ਹੈ | ਅਧਿਆਪਕ ਨੂੰ ਫਿਰ ਤੋਂ ਹਾਜ਼ਰ ਹੋਣ ਲਈ ਮਜਬੂਰ ਕਰਦਾ ਹੈ | ਅਧਿਆਪਕਾਂ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਇੰਟਰਨੈੱਟ ਦੀ ਗਤੀ ਬਹੁਤ ਧੀਮੀ ਹੁੰਦੀ ਹੈ | ਕਈ ਵਾਰ ਤਾਂ ਪਿੰਡਾਂ ਵਿੱਚ ਨੈੱਟਵਰਕ ਹੁੰਦਾ ਹੀ ਨਹੀਂ ਹੈ | ਜਿਸ ਸਦਕਾ ਅਨੇਕਾਂ ਅਧਿਆਪਕ ਹਾਜ਼ਰੀ ਦਰਜ ਹੀ ਨਹੀਂ ਕਰ ਪਾਉਂਦੇ ਹਨ | ਅਧਿਆਪਕ ਆਗੂਆਂ ਨੇ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਮੇਂ 'ਤੇ ਈ. ਪੰਜਾਬ, ਆਈ.ਐੱਚ.ਆਰ.ਐਮ.ਐੱਸ, ਦੀਕਸ਼ਾ, ਪੰਜਾਬ ਐਡੂਕੇਟਰ, ਪਰਸਸ਼ਤ ਐਪ ਆਦਿ ਇੰਸਟਾਲ ਕਰਨ ਦੇ ਹੁਕਮ ਦਿੱਤੇ ਜਾਂਦੇ ਰਹਿੰਦੇ ਹਨ | ਇਹਨਾਂ ਐਪਾਂ ਰਾਹੀਂ ਵੱਖ-ਵੱਖ ਕਿਸਮਾਂ ਦੀਆਂ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ | ਇਸ ਤੋਂ ਇਲਾਵਾ ਹਰ ਰੋਜ਼ ਕੋਈ ਨਾ ਕੋਈ ਗੂਗਲ ਸ਼ੀਟ ਭਰਨ ਦੇ ਹੁਕਮ ਦਿੱਤੇ ਜਾਂਦੇ ਹਨ | ਜਿਨ੍ਹਾਂ ਨੂੰ ਅਧਿਆਪਕਾਂ ਦੁਆਰਾ ਭਰਿਆ ਜਾਂਦਾ ਹੈ | ਇਹਨਾਂ ਐਪਾਂ ਤੇ ਗੂਗਲ ਸ਼ੀਟਾਂ ਰਾਹੀਂ ਡਾਟਾ ਇਕੱਠਾ ਕਰਨ ਦੀ ਨੀਤੀ ਨੇ ਅਧਿਆਪਕਾਂ ਨੂੰ ਉਹਨਾਂ ਦੇ ਅਸਲ ਕੰਮ ਪੜ੍ਹਾਉਣ ਨੂੰ ਛੁਡਾ ਕੇ ਉਹਨਾਂ ਨੂੰ ਡਾਟਾ ਐਂਟਰੀ ਆਪਰੇਟਰ ਬਣਾ ਕੇ ਰੱਖ ਦਿੱਤਾ ਹੈ | ਜਿਸ ਦਾ ਨੁਕਸਾਨ ਵਿਦਿਆਰਥੀਆਂ ਨੂੰ ਸਹਿਣਾ ਪੈ ਰਿਹਾ ਹੈ | ਉਹਨਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪਹਿਲਾਂ ਤੋਂ ਚੱਲ ਰਹੇ ਈ. ਪੰਜਾਬ ਪੋਰਟਲ ਨੂੰ ਬੰਦ ਕਰਨ ਵੱਲ ਵਧਿਆ ਜਾ ਰਿਹਾ ਹੈ | ਅਧਿਆਪਕਾਂ ਨੇ ਇਸ ਪੋਰਟਲ 'ਤੇ ਕੰਮ ਕਰਨ 'ਚ ਮੁਹਾਰਤ ਹਾਸਿਲ ਕਰ ਲਈ ਸੀ, ਪਰ ਨਵੇਂ ਪੋਰਟਲ ਦੇ ਗੁੰਝਲਦਾਰ ਹੋਣ ਕਾਰਨ ਸਮੇਂ ਦੀ ਵਧੇਰੇ ਬਰਬਾਦੀ ਹੋ ਰਹੀ ਹੈ | ਨਵੇਂ ਪੋਰਟਲ 'ਤੇ ਸਾਰੇ ਵਿਦਿਆਰਥੀਆਂ ਦੇ ਦਾਖਲਾ ਨੰਬਰ ਬਦਲ ਦਿੱਤੇ ਗਏ ਹਨ | ਜਿਸ ਕਾਰਨ ਅਧਿਆਪਕਾਂ ਨੂੰ ਉਹ ਨੰਬਰ ਦਰੁਸਤ ਕਰਨੇ ਪੈ ਰਹੇ ਹਨ | ਪੋਰਟਲ ਦੀ ਧੀਮੀ ਗਤੀ ਹੋਣ ਕਾਰਨ ਪਹਿਲੀ, ਛੇਵੀਂ, ਨੌਵੀਂ ਅਤੇ 11ਵੀਂ ਜਮਾਤ ਦੇ ਨਵੇਂ ਹੋਏ ਦਾਖ਼ਲਿਆਂ ਦੇ ਇੰਦਰਾਜ ਨਹੀਂ ਹੋ ਪਾ ਰਹੇ ਹਨ | ਪੋਰਟਲ ਦੀ ਧੀਮੀ ਗਤੀ ਕਾਰਨ ਅਧਿਆਪਕਾਂ ਦਾ ਘੰਟਿਆਂ ਬੱਧੀ ਸਮਾਂ ਮੋਬਾਈਲ ਜਾਂ ਕੰਪਿਊਟਰ ਸਕਰੀਨ ਸਾਹਮਣੇ ਹੀ ਲੰਘ ਰਿਹਾ ਹੈ | ਅਧਿਆਪਕ ਆਗੂਆਂ ਨੇ ਐਮ. ਸਟਾਰ ਈ. ਪੰਜਾਬ ਵਾਲਾ ਨਵਾਂ ਤਜਰਬਾ ਬੰਦ ਕਰਨ ਦੀ ਮੰਗ ਕੀਤੀ ਹੈ |