ਬੰਗਾ, 9 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਬਜ਼ਾਜ ਪੈਲੇਸ ਮੁਕੰਦਪੁਰ ਰੋਡ ਬੰਗਾ ਵਿਖੇ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਡਾ. ਲਛਮਣ ਦਾਸ ਖੇਤੀਬਾੜੀ ਅਫ਼ਸਰ ਬੰਗਾ ਨੇ ਦਿੱਤੀ | ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਜ਼ਿਲ੍ਹੇ ਭਰ 'ਚੋਂ ਭਾਰੀ ਗਿਣਤੀ ਵਿੱਚ ਕਿਸਾਨ ਨਵੀਆਂ ਤਕਨੀਕਾਂ ਦੀ ਜਾਣਕਾਰੀ ਲੈਣ ਲਈ ਭਾਗ ਲੈਣਗੇ | ਉਹਨਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਸਾਉਣੀ 2026 ਦੀਆਂ ਫਸਲਾਂ ਬਾਰੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਲੁਧਿਆਣਾ ਦੇ ਮਾਹਿਰ ਪੁੱਜ ਰਹੇ ਹਨ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮੇਲੇ ਦੇ ਮੁੱਖ ਮਹਿਮਾਨ ਵਿਧਾਇਕ ਹਲਕਾ ਬੰਗਾ ਡਾ. ਸੁਖਵਿੰਦਰ ਸੁੱਖੀ ਅਤੇ ਵਿਧਾਇਕ ਹਲਕਾ ਬਲਾਚੌਰ ਸ਼੍ਰੀਮਤੀ ਸੰਤੋਸ਼ ਕਟਾਰੀਆ ਹੋਣਗੇ | ਉਨ੍ਹਾਂ ਦੱਸਿਆ ਕਿ ਕਿਸਾਨ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਰਨਗੇ | ਇਸ ਦੇ ਨਾਲ ਹੀ ਉਹਨਾਂ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਇਸ ਕਿਸਾਨ ਮੇਲੇ ਦੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਹਰਪ੍ਰੀਤ ਕੌਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਅੰਕੜਾ ਪੰਜਾਬ ਹੋਣਗੇ | ਉਨ੍ਹਾਂ ਹੋਰ ਅੱਗੇ ਦੱਸਿਆ ਕਿ ਇਹ ਮੇਲਾ ਸਵੇਰੇ 09:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਲਗਾਇਆ ਜਾਵੇਗਾ | ਮੇਲੇ ਵਿੱਚ ਖੇਤੀਬਾੜੀ ਨਾਲ ਸਬੰਧਤ ਨਵੀਆਂ ਤਕਨੀਕਾਂ ਨੂੰ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ | ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕੈਂਪ ਵਿੱਚ ਭਾਗ ਲੈ ਕੇ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਜਰੂਰ ਹਾਸਲ ਕਰਨ |