ਮਜਾਰੀ/ਸਾਹਿਬਾ, 12 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਉਣ ਵਾਸਤੇ ਜਾਣ ਵਾਲੀਆਂ ਸੰਗਤਾਂ ਲਈ ਪਿੰਡ ਕਾਹਨਪੁਰ ਖੂਹੀ ਵਿਖੇ ਲੰਗਰ ਲਗਾਉਣ ਵਾਸਤੇ ਕਸਬਾ ਮਜਾਰੀ ਦੀਆਂ ਸੰਗਤਾਂ ਲੰਗਰ ਦੀਆਂ ਰਸਦਾਂ ਤੇ ਹੋਰ ਸਮਾਨ ਲੈ ਕੇ ਅੱਜ ਰਵਾਨਾ ਹੋਈਆਂ | ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਿੰਘ ਸਭਾ ਮਜਾਰੀ ਦੇ ਪ੍ਰਧਾਨ ਅਵਤਾਰ ਸਿੰਘ ਮਾਹੀ, ਬਾਬਾ ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ ਪਨੇਸਰ, ਸੁਰਜੀਤ ਸਿੰਘ, ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਸਮੂਹ ਨਗਰ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਸਬਾ ਮਜਾਰੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਇਸ ਥਾਂ 'ਤੇ ਲੰਗਰ ਲਗਾਇਆ ਜਾਂਦਾ ਹੈ | ਇਹ ਲੰਗਰ 13 ਅਤੇ 14 ਅਪ੍ਰੈਲ ਨੂੰ ਦਿਨ ਰਾਤ ਚਲੇਗਾ, ਜਿਸ ਵਿਚ ਚਾਹ-ਪਕੌੜੇ, ਪ੍ਰਸ਼ਾਦੇ, ਜਲੇਬੀਆਂ, ਦੁੱਧ, ਲੱਸੀ, ਠੰਢੇ ਦੇ ਲੰਗਰ ਲਗਾਏ ਜਾਣਗੇ | ਇਸ ਮੌਕੇ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਮੈਡੀਕਲ ਦਵਾਈਆਂ ਦਾ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਜਗਤਾਰ ਸਿੰਘ, ਦਿਲਾਵਰ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ, ਤੇਜਿੰਦਰ ਸਿੰਘ, ਨਰਿੰਦਰ ਸਿੰਘ ਤੋਂ ਇਲਾਵਾ ਸਮੂਹ ਨਗਰ ਦੀਆਂ ਸੰਗਤਾਂ ਹਾਜ਼ਰ ਸਨ |