ਬਲਾਚੌਰ, 18 ਅਪ੍ਰੈਲ (ਨਰੇਸ਼ ਧੌਲ)- ਇਲਾਕੇ ਦੇ ਨਾਮਵਰ ਵਕੀਲ ਅਤੇ ਸਰਗਰਮ ਸਿਆਸੀ ਆਗੂ ਐਡਵੋਕੇਟ ਪ੍ਰਵੇਸ਼ ਖੋਸਲਾ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਭੱਟ ਦੀ ਹਾਜ਼ਰੀ 'ਚ 19 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ | ਐਡਵੋਕੇਟ ਪ੍ਰਵੇਸ਼ ਖੌਸਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ ਸੀ, ਜਿੱਥੇ ਉਨ੍ਹਾਂ ਨੇ ਹਲਕਾ ਯੂਥ ਇੰਚਾਰਜ ਵਜੋਂ ਅਹਿਮ ਸੇਵਾਵਾਂ ਨਿਭਾਈਆਂ | ਇਸ ਤੋਂ ਬਾਅਦ ਉਹ 'ਆਪਣਾ ਪੰਜਾਬ' ਪਾਰਟੀ ਵਿੱਚ ਬਤੌਰ ਜ਼ਿਲ੍ਹਾ ਪ੍ਰਧਾਨ ਸਰਗਰਮ ਰਹੇ | ਹੁਣ ਉਹ ਆਪਣੇ ਪੁਰਾਣੇ ਸਿਆਸੀ ਸੰਬੰਧਾਂ ਨੂੰ ਪਿੱਛੇ ਛੱਡ ਕੇ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ | ਐਡਵੋਕੇਟ ਖੋਸਲਾ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਅੰਮਿ੍ਤਪਾਲ ਸਿੰਘ ਦੀਆਂ ਪੰਥਕ ਅਤੇ ਸਮਾਜਿਕ ਗਤੀਵਿਧੀਆਂ ਤੋਂ ਬੇਹੱਦ ਪ੍ਰਭਾਵਿਤ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਇਲਾਕੇ ਦੇ ਵਿਕਾਸ ਅਤੇ ਕੌਮ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਨੇ ਇਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਨ ਬਣਾਇਆ ਹੈ | ਦੂਜੇ ਪਾਸੇ, ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਭੱਟ ਨੇ ਐਡਵੋਕੇਟ ਪ੍ਰਵੇਸ਼ ਖੋਸਲਾ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਐਡਵੋਕੇਟ ਖੋਸਲਾ ਵਰਗੇ ਪੜ੍ਹੇ-ਲਿਖੇ ਤੇ ਸੂਝਵਾਨ ਆਗੂ ਦੇ ਪਾਰਟੀ ਵਿੱਚ ਆਉਣ ਨਾਲ ਬਲਾਚੌਰ ਇਲਾਕੇ ਵਿੱਚ ਜਥੇਬੰਦੀ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੇਗੀ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਦੀ ਮਿਹਨਤ ਅਤੇ ਕਾਬਲੀਅਤ ਅਨੁਸਾਰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ |