ਕਟਾਰੀਆਂ, 18 ਅਪ੍ਰੈਲ (ਪ੍ਰੇਮੀ ਸੰਧਵਾਂ)- ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਚੇਅਰਮੈਨ ਦਰਬਜੀਤ ਸਿੰਘ ਪੂੰਨੀਆ ਅਤੇ ਸਾਬਕਾ ਉਪ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਕਿਹਾ ਸੀ ਕਿ ਲੋਕਾਂ ਨੂੰ ਘਰਾਂ ਦੀ ਬਿਜਲੀ ਨਿਰਵਿਘਨ ਦਿੱਤੀ ਜਾਵੇਗੀ ਤੇ ਸਰਕਾਰ ਦਾ ਇਹ ਵਾਅਦਾ ਸੱਚਾਈ ਤੋਂ ਕੋਹਾਂ ਦੂਰ ਹੈ | ਕਿਉਂਕਿ ਗਰਮੀ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਬਿਜਲੀ ਦੇ ਅਣ ਐਲਾਨੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ | ਜਿਸ ਕਾਰਨ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਉਂਕਿ ਬਿਜਲੀ ਦੇ ਕੱਟਾਂ ਕਾਰਨ ਮਰੀਜ, ਬਜ਼ੁਰਗ ਅਤੇ ਬੱਚਿਆਂ ਦਾ ਗਰਮੀ ਨਾਲ ਬੁਰਾ ਹਾਲ ਹੋ ਜਾਂਦਾ ਹੈ ਤੇ ਜ਼ਹਿਰੀਲੇ ਮੱਛਰ ਦੇ ਡੰਗਣ ਨਾਲ ਕਦੇ ਵੀ ਕੋਈ ਭਿਆਨਕ ਬਿਮਾਰ ਫੈਲ ਸਕਦੀ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆ ਕਿਹਾ ਕਿ ਜਿਥੇ ਲੋਕਾਂ ਨੂੰ ਘਰਾਂ ਦੀ ਬਿਜਲੀ ਨਿਰਵਿਘਨ ਦਿੱਤੀ ਜਾਵੇ ਉਥੇ ਹੀ ਮੋਟਰਾਂ ਦੀ ਬਿਜਲੀ ਕਿਸਾਨਾਂ ਨੂੰ 7 ਤੋਂ 12 ਵਜੇ ਦੁਪਹਿਰ ਤੱਕ ਦਾ ਸਮਾਂ ਬਿਜਲੀ ਵਿਭਾਗ ਨੇ ਕਰ ਦਿੱਤਾ ਹੈ | ਉਪਰੋਕਤ ਕਾਂਗਰਸੀ ਆਗੂਆਂ ਤੋਂ ਇਲਾਵਾ ਕਮਲਜੀਤ ਬੰਗਾ, ਹਰਵਿੰਦਰ ਸਿੰਘ ਬੋਇਲ ਆਦਿ ਕਿਸਾਨਾਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਮੋਟਰਾਂ ਦੀ ਬਿਜਲੀ ਦੇਣ ਦਾ ਸਮਾਂ ਰਾਤ ਇੱਕ ਵਜੇ ਤੋਂ ਸਵੇਰੇ 6 ਵਜੇ ਤੱਕ ਕੀਤਾ ਜਾਵੇ |