ਨਵਾਂਸ਼ਹਿਰ, 19 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਪੰਜ ਕਥਿਤ ਦੋਸ਼ੀਆਂ ਨੂੰ 100 ਗ੍ਰਾਮ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਸਮੇਤ ਗਿ੍ਫਤਾਰ ਕੀਤਾ | ਇਸ ਸਬੰਧੀ ਨਵਾਂਸ਼ਹਿਰ ਵਿਖੇ ਰਾਜ ਕੁਮਾਰ ਡੀ.ਐਸ.ਪੀ ਨਵਾਂਸ਼ਹਿਰ ਨੇ ਦੱਸਿਆ ਕਿ ਇੰਸਪੈਕਟਰ ਸੁਖਪਾਲ ਸਿੰਘ ਮੁੱਖ ਅਫਸਰ ਥਾਣਾ ਔੜ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਪੰਜ ਕਥਿਤ ਦੋਸ਼ੀਆਂ ਨੂੰ ਨਸ਼ਿਆਂ ਸਮੇਤ ਗਿ੍ਫਤਾਰ ਕੀਤਾ | ਉਹਨਾਂ ਆਖਿਆ ਕਿ ਖਾਸ ਮੁਖਬਰ ਦੀ ਇਤਲਾਅ 'ਤੇ ਜਦੋਂ ਪੁਲਿਸ ਪਾਰਟੀ ਦੇਵ ਰਾਜ ਉਰਫ ਦੇਬੀ ਅਤੇ ਪਾਲੋ ਦੇ ਘਰ ਰੇਡ ਕਾਰਨ ਪੁੱਜੀ ਤਾਂ ਸਮਗਲਰਾਂ ਨੇ ਰੇਡ ਲਈ ਲਗਾਏ ਲੋਹੇ ਦੇ ਵੱਡੇ ਗੇਟ ਅੰਦਰੋਂ ਬੰਦ ਕਰ ਲਏ | ਬਾਰ-ਬਾਰ ਅਪੀਲ ਕਰਨ 'ਤੇ ਵੀ ਜਦੋਂ ਦਰਵਾਜੇ ਨਾ ਖੋਲੇ ਤਾਂ ਪਿੰਡ ਦੀ ਪੰਚਾਇਤ ਅਤੇ ਸਰਪੰਚ ਦੀ ਮੌਜੂਦਗੀ 'ਚ ਕਟਰ ਮੰਗਵਾ ਕੇ ਗੇਟ ਨੂੰ ਕੱਟਿਆ ਗਿਆ ਅਤੇ ਪੁਲਿਸ ਅੰਦਰ ਦਾਖਲ ਹੋਈ | ਛਾਪੇਮਾਰੀ ਦੌਰਾਨ ਜਰਨੈਲ ਸਿੰਘ ਉਰਫ ਜੈਲੀ ਦੀ ਭਾਣਜੀ ਅਮਨਦੀਪ ਔਰ ਅਮਨੀ ਨੇ ਪੁਲਿਸ ਨੂੰ ਦੇਖ ਕੇ ਝੋਲਾ ਹੇਠਾਂ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਜਿਸ ਵਿੱਚ ਉਸ ਦੀ ਮਦਦ ਜੈਲੀ ਦੀ ਲੜਕੀ ਜੋਤੀ ਨੇ ਕੀਤੀ | ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਝੋਲੇ ਵਿੱਚੋਂ 49 ਗ੍ਰਾਮ ਹੈਰੋਇਨ ਅਤੇ ਦੋ ਲੱਖ 75 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ | ਦੇਬੀ ਦੇ ਘਰ ਦੀ ਤਲਾਸ਼ੀ ਲੈਣ 'ਤੇ ਸੋਫਾ ਸੈਟ ਵਿੱਚੋਂ ਸਿਲਵਰ ਰੋਲ, ਪੰਨੀ, ਲਾਈਟਰ, ਸਰਿੰਜਾਂ, 13 ਟੀਕੇ ਅਤੇ 51 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਨੇ ਮੌਕੇ ਤੋਂ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ | ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਕਥਿਤ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਜਿਨ੍ਹਾਂ ਵਿੱਚ ਸਨੀ ਕੁਮਾਰ, ਵਿਜੇ ਕੁਮਾਰ ਦੇਬੀ ਦੇ ਲੜਕੇ,ਹਰਪ੍ਰੀਤ ਸਿੰਘ ਹਰੀਆ ਨੌਕਰ, ਅਮਨਦੀਪ ਕੌਰ ਅਮਨੀ ,ਜੋਤੀ ਆਦਿ ਸ਼ਾਮਿਲ ਹਨ | ਪੁਲਿਸ ਅਨੁਸਾਰ ਮੁੱਖ ਕਥਿਤ ਦੋਸ਼ੀ ਦੇਵ ਰਾਜ ਦੇਬੀ ਅਤੇ ਪਾਲੋ ਅਜੇ ਫਰਾਰ ਹਨ | ਜਿਨ੍ਹਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਫੜ੍ਹੇ ਗਏ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ | ਉਹਨਾਂ ਆਖਿਆ ਕਿ ਜ਼ਿਲ੍ਹੇ ਅੰਦਰ ਪੁਲਿਸ ਦੀ ਨਸ਼ਿਆਂ ਖਿਲਾਫ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ |
ਨਵਾਂਸ਼ਹਿਰ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ ਪੰਜ ਕਥਿਤ ਦੋਸ਼ੀਆਂ ਨੂੰ ਕੀਤਾ ਕਾਬੂ
ਅਜੀਤ ਡੈਸਕ
20-04-2026