ਗੋਲੂ ਕਾ ਮੋੜ (ਫਿਰੋਜ਼ਪੁਰ), 8 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਸਥਾਨਕ ਕਸਬਾ ਗੋਲੂ ਕਾ ਮੋੜ ਵਿਖੇ ਪਿਸਤੌਲ ਦੀ ਨੋਕ ’ਤੇ ਸਵਿਫਟ ਕਾਰ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ, ਕਾਰ ਚਾਲਕ ਇੱਥੇ ਪੱਥਰਾਂ ਦੀ ਦੁਕਾਨ ਕਰਦਾ ਹੈ ਅਤੇ ਘਰ ਜਾਣ ਸਮੇਂ ਫ਼ਲ ਖਰੀਦਣ ਲਈ ਇਕ ਫਰੂਟ ਦੀ ਦੁਕਾਨ ’ਤੇ ਰੁਕਿਆ ਸੀ। ਉਸ ਨੇ ਕਾਰ ਨੂੰ ਸਟਾਰਟ ਹਾਲਤ ਵਿਚ ਹੀ ਖੜ੍ਹਾ ਕੀਤਾ ਅਤੇ ਖੁਦ ਫ਼ਲ ਲੈਣ ਲਈ ਹੇਠਾਂ ਉਤਰ ਗਿਆ, ਜਦਕਿ ਇਕ ਹੋਰ ਵਿਅਕਤੀ ਕਾਰ ਅੰਦਰ ਬੈਠਾ ਹੋਇਆ ਸੀ।
ਇਸੇ ਦੌਰਾਨ ਕੁਝ ਵਿਅਕਤੀ ਕਥਿਤ ਤੌਰ ’ਤੇ ਕਾਰ ਵਿਚ ਸਵਾਰ ਹੋਏ ਅਤੇ ਕਾਰ ਸਮੇਤ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਬੈਠੇ ਵਿਅਕਤੀ ਨੂੰ ਵੀ ਲੁਟੇਰੇ ਆਪਣੇ ਨਾਲ ਕੁਝ ਦੂਰੀ ਤੱਕ ਲੈ ਗਏ। ਰਸਤੇ ਵਿਚ ਕਥਿਤ ਤੌਰ ’ਤੇ ਪਿਸਤੌਲ ਦਿਖਾ ਕੇ ਉਸ ਨੂੰ ਕਾਰ ਵਿਚੋਂ ਧੱਕਾ ਦੇ ਕੇ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਲੁਟੇਰੇ ਸਵਿਫਟ ਕਾਰ ਸਮੇਤ ਫ਼ਰਾਰ ਹੋ ਗਏ।