ਬਲਾਚੌਰ, 19 ਅਪ੍ਰੈਲ (ਨਰੇਸ਼ ਧੌਲ)-ਪਿੰਡ ਠਠਿਆਲਾ ਬੇਟ ਦੇ ਸਾਬਕਾ ਸਰਪੰਚ 'ਤੇ ਅਣਪਛਾਤੇ ਕਾਰ ਚਾਲਕਾਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ | ਜਸਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਠਠਿਆਲਾ ਬੇਟ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਬਲਾਚੌਰ ਸ਼ਹਿਰ ਤੋਂ ਪਿੰਡ ਠਠਿਆਲਾ ਬੇਟ ਨੂੰ ਆਪਣੀ ਕਾਰ ਪੀ.ਬੀ 01 ਐਫ 0261 'ਤੇ ਸਵਾਰ ਹੋ ਕੇ ਜਾ ਰਿਹਾ ਸੀ, ਤਾਂ ਜਦੋਂ ਰੋਪੜ ਰੋਡ ਨਜ਼ਦੀਕ ਦੁਆਬਾ ਚਿਕਨ ਕਾਰਨਰ ਪੁੱਜਾ ਤਾਂ ਸਾਹਮਣੇ ਤੋ ਆ ਰਹੀ ਇੱਕ ਕਾਰ ਦੇ ਚਾਲਕ ਵੱਲੋਂ ਬੜੀ ਅਣਗਹਿਲੀ ਨਾਲ ਉਸ ਦੀ ਕਾਰ ਵਿੱਚ ਟੱਕਰ ਮਾਰੀ ਗਈ ਅਤੇ ਵੇਖਦੇ ਹੀ ਵੇਖਦੇ ਉਸ ਕਾਰ ਵਿਚੋਂ ਇੱਕ ਹੋਰ ਅਣਪਛਾਤਾ ਵਿਅਕਤੀ ਨਿਕਲਿਆ, ਜਿਸ ਵੱਲੋਂ ਉਸਦੀ ਕਾਰ ਦਾ ਕੰਡਕਟਰ ਸਾਈਡ ਤੋਂ ਪਿੱਛੇ ਵਾਲੀ ਤਾਕੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਅਤੇ ਇਹ ਸਾਰੇ ਨੌਜਵਾਨ ਉਸ ਨਾਲ ਗਾਲ਼ੀ ਗਲੋਚ ਕਰਨ ਲੱਗ ਪਏ ਅਤੇ ਕਾਰ ਵਿਚੋਂ ਬਾਹਰ ਨਿਕਲਣ ਲਈ ਉਕਸਾਉਣ ਲੱਗੇ | ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ, ਉੱਥੋਂ ਆਪਣੀ ਕਾਰ ਕੱਢ ਕੇ ਲੈ ਗਿਆ | ਇਨ੍ਹਾਂ ਅਣਪਛਾਤੇ ਕਾਰ ਚਾਲਕਾਂ ਵੱਲੋਂ ਫਿਰ ਨੈਸ਼ਨਲ ਹਾਈਵੇ ਕੰਗਣਾ ਪੁਲ 'ਤੇ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਗੱਡੀ ਸੜਕ ਵਿਚਕਾਰ ਲਗਾ ਲਈ, ਇਸ ਉਪਰੰਤ ਪੀੜਤ ਜਸਵਿੰਦਰ ਸਿੰਘ ਵੱਲੋਂ ਆਪਣੀ ਜਾਨ ਨੂੰ ਖ਼ਤਰਾ ਵੇਖਦਿਆਂ ਹੋਇਆਂ ਉੱਥੋਂ ਵੀ ਆਪਣੀ ਕਾਰ ਨੂੰ ਸਾਈਡ 'ਤੇ ਕੱਢ ਲਿਆ ਗਿਆ | ਇਨ੍ਹਾਂ ਅਣਪਛਾਤੇ ਵਾਹਨ ਚਾਲਕਾਂ ਵੱਲੋਂ ਵਾਰ-ਵਾਰ ਉਸ ਦੀ ਕਾਰ ਵਿੱਚ ਫ਼ਿਲਮੀ ਅੰਦਾਜ਼ ਵਾਂਗ ਟੱਕਰ ਮਾਰੀ ਗਈ, ਇਹ ਨੌਜਵਾਨ ਪਿੰਡ ਨਿਆਣਾ ਬੇਟ ਦੀ ਚੱਕੀ ਤੱਕ ਪਿੱਛਾ ਕਰਦੇ ਹੋਏ ਮਗਰ ਆਏ | ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਹੀ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ 'ਤੇ ਆਉਣ ਵਾਲੀ ਵਿਧਾਨ ਸਭਾ ਚੋਣ ਲੜਨ ਬਾਬਤ ਪੋਸਟ ਪਾਈ ਗਈ ਸੀ | ਉਨ੍ਹਾਂ ਮੁੱਖ ਥਾਣਾ ਅਫ਼ਸਰ ਸਿਟੀ ਬਲਾਚੌਰ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਹੋਇਆਂ ਅਪੀਲ ਕੀਤੀ ਕਿ ਇਨ੍ਹਾਂ ਹਮਲਾਵਰਾਂ ਦਾ ਪਤਾ ਲੱਗਾ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ | ਇਸ ਸਬੰਧ ਵਿੱਚ ਮੁੱਖ ਥਾਣਾ ਅਫ਼ਸਰ ਸਿਟੀ ਬਲਾਚੌਰ ਨੇ ਆਖਿਆ ਕਿ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |
ਅਣਪਛਾਤੇ ਕਾਰ ਚਾਲਕਾਂ ਵਲੋਂ ਸਾਬਕਾ ਸਰਪੰਚ ਜਸਵਿੰਦਰ ਸਿੰਘ ਠਠਿਆਲਾ ਬੇਟ 'ਤੇ ਜਾਨਲੇਵਾ ਹਮਲਾ
ਅਜੀਤ ਡੈਸਕ
20-04-2026