ਬਲਾਚੌਰ, 19 ਅਪ੍ਰੈਲ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪਿੰਡ ਰੱਕੜਾਂ ਬੇਟ ਵਿਖੇ ਇੱਕ ਔਰਤ ਵੱਲੋਂ ਦੂਜੀ ਔਰਤ ਦੇ ਸਿਰ 'ਤੇ ਵੇਲਣਾ ਮਾਰ ਕੇ ਸਿਰ ਪਾੜ ਦੇਣ ਦੀ ਖ਼ਬਰ ਪ੍ਰਾਪਤ ਹੋਈ ਹੈ | ਬੱਬੂ ਰਾਣੀ ਪਤਨੀ ਰਜਿੰਦਰ ਸਿੰਘ ਵਾਸੀ ਰੱਕੜਾਂ ਬੇਟ ਨੇ ਥਾਣਾ ਬਲਾਚੌਰ ਵਿਖੇ ਪੁਲਿਸ ਕੋਲ ਕੀਤੀ ਸ਼ਿਕਾਇਤ ਅਨੁਸਾਰ ਉਹ ਕਰੀਬ ਤਿੰਨ-ਚਾਰ ਸਾਲ ਤੋਂ ਸਤਨਾਮ ਸਿੰਘ ਦੇ ਘਰ ਪਿੰਡ ਰੱਕੜਾਂ ਬੇਟ ਵਿਖੇ ਰੋਟੀ ਬਣਾਉਂਦੀ ਹੈ, ਜਿਨ੍ਹਾਂ ਦੀ ਰਿਹਾਇਸ਼ ਜੀ.ਟੀ ਰੋਡ 'ਤੇ ਰਮਨ ਢਾਬੇ ਦੇ ਉੱਪਰ ਬਣਾਈ ਹੋਈ ਹੈ | ਪੁਲਿਸ ਨੇ ਦੱਸਿਆ ਕਿ ਜਦ ਉਹ ਰੋਜ਼ਾਨਾ ਦੀ ਤਰਾਂ ਸਤਨਾਮ ਸਿੰਘ ਉਕਤ ਦੇ ਘਰ ਰੋਟੀ ਬਣਾਉਣ ਦਾ ਕੰਮ ਕਰ ਰਹੀ ਸੀ ਤਾਂ ਰਸੋਈ ਵਿੱਚ ਉਸ ਕੋਲ ਰਾਜਵੀਰ ਕੌਰ ਪਤਨੀ ਭੁਪਿੰਦਰ ਸਿੰਘ ਜੋ ਕਿ ਉਸੇ ਰਸੋਈ ਵਿੱਚ ਆਪਣਾ ਅਲੱਗ ਤੋਂ ਖਾਣਾ ਬਣਾਉਂਦੀ ਹੈ ਨੇ ਉਸ ਵੱਲੋਂ ਰੱਖਿਆ ਹੋਇਆ ਕੁੱਕਰ ਸਾਈਡ 'ਤੇ ਰੱਖ ਦਿੱਤਾ ਅਤੇ ਕੁੱਕਰ ਉੱਪਰ ਹੋਰ ਵੀ ਸਮਾਨ ਰੱਖ ਦਿੱਤਾ | ਜਿਸ ਨੂੰ ਉਸ ਨੇ ਕਿਹਾ ਕਿ ਵਿਸਾਖੀ ਦੇ ਦਿਨ ਹਨ ਤੁਸੀਂ ਕੁੱਕਰ ਨੂੰ ਢੱਕ ਦਿਓ ਤਾਂ ਇੰਨੀ ਗੱਲ ਕਹਿਣ 'ਤੇ ਹੀ ਰਾਜਵੀਰ ਨੇ ਰਸੋਈ ਵਿੱਚ ਪਿਆ ਰੋਟੀਆਂ ਬਣਾਉਣ ਵਾਲਾ ਬੇਲਣਾ ਚੁੱਕ ਕੇ ਉਸ ਦੇ ਸਿਰ ਵਿੱਚ ਮਾਰਿਆ, ਜਿਸ ਨਾਲ ਸਿਰ ਪਾਟ ਜਾਣ ਕਾਰਨ ਉਹ ਲਹੂ-ਲੁਹਾਨ ਹੋ ਗਈ | ਉੱਥੇ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਾਇਆ ਗਿਆ | ਬਲਾਚੌਰ ਪੁਲਿਸ ਵੱਲੋਂ ਪੀੜਤਾ ਬੱਬੂ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |