ਨਵਾਂਸ਼ਹਿਰ, 19 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਖੱਬੀਆਂ ਪਾਰਟੀਆਂ ਵਲੋਂ ਸਥਾਨਕ ਬੰਗਾ ਰੋਡ 'ਤੇ ਕਾਮਰੇਡ ਨਿਰੰਜਣ ਸਿੰਘ ਸੁੱਜੋਂ ਦੀ ਅੱਠਵੀਂ ਬਰਸੀ ਮਨਾਈ ਗਈ | ਇਸ ਮੌਕੇ ਕਾਮਰੇਡ ਨਿਰੰਜਣ ਸਿੰਘ ਸੁੱਜੋਂ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਰੀਵਾਲ, ਕੇਂਦਰੀ ਕਮੇਟੀ ਮੈਂਬਰ ਬੰਤ ਬਰਾੜ, ਦੇਵੀ ਕੁਮਾਰੀ, ਜਸਪਾਲ ਸਿੰਘ ਗਿੱਦਾ, ਆਰ. ਐਮ. ਪੀ. ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੀ. ਪੀ. ਆਈ (ਐਮ. ਐਲ) ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਦਲਜੀਤ ਸਿੰਘ ਐਡਵੋਕੇਟ ਅਤੇ ਸੀ. ਪੀ. ਆਈ (ਐਮ) ਦੇ ਆਗੂ ਮਹਾਂ ਸਿੰਘ ਰੌੜੀ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਾਮਰੇਡ ਨਿਰੰਜਣ ਸਿੰਘ ਨੇ ਆਪਣਾ ਸਾਰਾ ਜੀਵਨ ਮਜ਼ਦੂਰਾਂ ਕਿਸਾਨਾਂ ਅਤੇ ਦੱਬੇ ਕੁਚਲੇ ਲੋਕਾਂ ਖਾਤਰ ਲਾਇਆ | ਉਹ ਇਰਾਦੇ ਦੇ ਪੱਕੇ ਅਡੋਲ ਕਮਿਊਨਿਸਟ ਆਗੂ ਸਨ | ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲਕੇ ਲੁਟੇਰੀਆਂ ਜਾਬਰ ਅਤੇ ਫਿਰਕੂ ਹਕੂਮਤਾਂ ਵਿਰੁੱਧ ਲੜਿਆ ਜਾ ਸਕਦਾ ਹੈ ਜੋ ਅੱਜ ਸਮੇਂ ਦੀ ਲੋੜ ਵੀ ਹੈ | ਆਗੂਆਂ ਨੇ ਖੱਬੀਆਂ ਧਿਰਾਂ ਦੀ ਏਕਤਾ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਹਿੰਦੂਤਵੀ ਫਾਸ਼ੀਵਾਦੀ ਹਕੂਮਤ ਵੱਲੋਂ ਆਪਣੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਦਿਆਂ ਜ਼ਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਰੋਲਣ ਦੇ ਯਤਨ ਕੀਤੇ ਜਾ ਰਹੇ ਹਨ ਉਸਦਾ ਮੁਕਾਬਲਾ ਕਰਨ ਲਈ ਵਿਸ਼ਾਲ ਸਾਂਝੇ ਏਕੇ ਦੀ ਲੋੜ ਹੈ | ਉਹਨਾਂ ਕਿਹਾ ਕਿ ਸੰਸਦ ਦੀਆਂ ਸੀਟਾਂ ਵਧਾਉਣ ਲਈ ਲਿਆਂਦੇ ਬਿੱਲ ਨੂੰ ਜਿਸ ਤਰ੍ਹਾਂ ਸੰਸਦ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ ਉਸ ਤੋਂ ਮੋਦੀ ਸਰਕਾਰ ਤਿਲਮਿਲਾ ਉੱਠੀ ਹੈ ਅਤੇ ਕੂੜ ਪ੍ਰਚਾਰ ਕਰ ਰਹੀ ਹੈ | ਉਹਨਾਂ ਕਿਹਾ ਕਿ ਇਰਾਨ ਉੱਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਸਾਮਰਾਜੀਆਂ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਲਿਆਂਦਾ ਹੈ | ਇਰਾਨ ਵੱਲੋਂ ਦਿੱਤੇ ਗਏ ਠੋਕਵੇਂ ਜਵਾਬ ਨੇ ਅਮਰੀਕਾ ਦੇ ਸੁਪਰ ਪਾਵਰ ਹੋਣ ਦੇ ਸਾਰੇ ਭਰਮ ਤੋੜ ਦਿੱਤੇ ਹਨ | ਇਸ ਵਿੱਚ ਮੋਦੀ ਸਰਕਾਰ ਵਲੋਂ ਨਿਭਾਈ ਗਈ ਭੂਮਿਕਾ ਨੇ ਦੁਨੀਆਂ ਭਰ ਵਿੱਚ ਭਾਰਤ ਦੀ ਬਦਨਾਮੀ ਕੀਤੀ ਹੈ | ਇਸ ਮੌਕੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਨੇ ਇਨਕਲਾਬੀ ਕਵੀਸ਼ਰੀਆਂ ਪੇਸ਼ ਕੀਤੀਆਂ | ਕੁਲਦੀਪ ਸਿੰਘ ਸੁੱਜੋਂ ਨੇ ਸਾਰੀਆਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਆਰ. ਐਮ. ਪੀ. ਆਈ ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਦੌੜਕਾ ਨੇ ਕੀਤਾ |