ਕਟਾਰੀਆਂ, 19 ਅਪ੍ਰੈਲ (ਪ੍ਰੇਮੀ ਸੰਧਵਾਂ) - ਜ਼ਿਲ੍ਹਾ ਕਾਂਗਰਸ ਸੈੱਲ ਦੇ ਪ੍ਰਧਾਨ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਤੇ ਮਜ਼ਦੂਰ ਆਗੂ ਅਜੀਤ ਕੁਮਾਰ ਬੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਆਪਣੀ ਔਲਾਦ ਵਾਂਗ ਪਾਲੀ ਗਈ ਕਣਕ ਦੀ ਕਟਾਈ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਕਿਸਾਨ ਕਣਕ ਦੀ ਕਟਾਈ ਕਰਵਾ ਕੇ ਧੜਾਧੜ ਮੰਡੀਆਂ ਵਿੱਚ ਲਿਆ ਰਹੇ ਹਨ ਤਾਂ ਜੋ ਮੌਸਮ ਦੀ ਖਰਾਬੀ ਕਾਰਨ ਕਣਕ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਿੱਚ ਕੋਈ ਪੇ੍ਰਸ਼ਾਨੀ ਨਹੀਂ ਸੀ ਆਉਣ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਮੌਜੂਦਾ ਸਰਕਾਰ ਸਮੇਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਵੇਚਣ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਕਾਂਗਰਸ ਪਾਰਟੀ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰੇਗੀ | ਕਿਉਂਕਿ ਕਈ ਵਾਰੀ ਖਰੀਦ ਏਜੰਸੀਆਂ ਵਲੋਂ ਵੱਧ ਨਮੀ ਦਾ ਬਹਾਨਾ ਲਗਾ ਕੇ ਕਣਕ ਦੀ ਖਰੀਦ ਨਹੀਂ ਕੀਤੀ ਜਾਂਦੀ | ਜਿਸ ਕਾਰਨ ਕਿਸਾਨਾਂ ਨੂੰ ਆਪਣੇ ਕਣਕ ਦੇ ਢੇਰਾਂ ਦੀ ਦਿਨ ਰਾਤ ਰਾਖੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ |