ਕਾਠਗੜ੍ਹ, 19 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਡੇਰਾ ਬਾਬਾ ਸਰਵਣ ਦਾਸ ਬਾਓੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਸ਼ਿਸ਼ਟਾਚਾਰ ਮੁਲਾਕਾਤ ਕੀਤੀ | ਮੀਟਿੰਗ ਦੀ ਅਗਵਾਈ ਸੀਨੀਅਰ ਭਾਜਪਾ ਨੇਤਾ ਵਿਜੇ ਭਾਟੀਆ ਸੰਡਰੇਵਾਲ ਨੇ ਕੀਤੀ ਅਤੇ ਨਾਲ ਬਲਾਚੌਰ ਖੇਤਰ ਦੇ ਸਾਰੇ ਸੀਨੀਅਰ ਭਾਜਪਾ ਨੇਤਾ ਮੌਜੂਦ ਸਨ | ਮੀਟਿੰਗ ਦੌਰਾਨ ਧਾਰਮਿਕ ਅਤੇ ਸਮਾਜਿਕ ਮੁੱਦਿਆਂ ਦੇ ਨਾਲ-ਨਾਲ ਮੌਜੂਦਾ ਰਾਜਨੀਤਿਕ ਸਥਿਤੀ 'ਤੇ ਚਰਚਾ ਕੀਤੀ ਗਈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵਾਮੀ ਦਿਆਲ ਦਾਸ ਤੋਂ ਅਸ਼ੀਰਵਾਦ ਲਿਆ ਅਤੇ ਮੌਜੂਦ ਸਾਰੇ ਨੇਤਾਵਾਂ ਦਾ ਸਨਮਾਨ ਕੀਤਾ | ਮੀਟਿੰਗ ਦੌਰਾਨ ਬਲਾਚੌਰ ਦੇ ਨੇਤਾ ਵਿਜੇ ਭਾਟੀਆ, ਬਰਿੰਦਰ ਸੈਣੀ, ਰਾਜ ਖਟਾਨਾ ਅਤੇ ਗੁਰਨਾਮ ਕਿਸਾਨਾ ਨੇ ਸਾਂਝੇ ਤੌਰ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਨੇ ਲੋਕਾਂ ਵਿੱਚ ਬਹੁਤ ਉਤਸ਼ਾਹ ਪੈਦਾ ਕੀਤਾ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਦੇਸ਼ ਅਤੇ ਰਾਜ ਦੋਵਾਂ ਵਿੱਚ ਭਾਜਪਾ ਦੀ ਸਥਿਤੀ ਮਜ਼ਬੂਤ ਹੈ ਅਤੇ 2027 ਵਿੱਚ ਭਾਜਪਾ ਜ਼ਰੂਰ ਸਰਕਾਰ ਬਣਾਏਗੀ | ਆਗੂਆਂ ਨੇ ਸਾਰੇ ਵਰਕਰਾਂ ਅਤੇ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਚੋਣ ਮੈਦਾਨ ਵਿੱਚ ਡਟੇ ਰਹਿਣ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਇੱਕਜੁੱਟ ਰਹਿਣ |