ਮੁਕੰਦਪੁਰ, 21 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਐੱਸ. ਐੱਮ. ਓ ਡਾ. ਨੀਨਾ ਸ਼ਾਂਤ ਸਿਵਲ ਹਸਪਤਾਲ ਮੁਕੰਦਪੁਰ ਨੇ 'ਹੀਟ ਵੇਵਸ' ਨਾਲ ਸਬੰਧਤ ਬਿਮਾਰੀਆਂ ਤੋਂ ਬਚਾਅ ਲਈ ਆਮ ਲੋਕਾਂ ਲਈ ਸਿਹਤ ਅਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਲੋੜੀਂਦਾ ਪਾਣੀ ਪੀਣ, ਧੁੱਪ ਵਿਚ ਕੰਮ ਕਰਨ ਤੋਂ ਬਚਾਅ, ਢਿੱਲੇ ਸੂਤੀ ਕੱਪੜੇ ਪਹਿਨਣ ਅਤੇ ਲੂਅ ਲੱਗਣ ਤੋਂ ਬੱਚਣ ਲਈ ਕਿਹਾ | ਉਨ੍ਹਾਂ ਨੇ ਵਾਤਾਵਰਣ ਸੁਰੱਖਿਆ ਲਈ ਹੋਰ ਰੁੱਖ ਲਗਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਜ਼ਿਆਦਾ ਜ਼ਰੂਰਤ ਪੈਣ 'ਤੇ ਘਰੋਂ ਬਾਹਰ ਨਿਕਲਣ ਸਮੇਂ ਆਪਣੇ ਸਰੀਰ ਨੂੰ ਹਲਕੇ ਸੂਤੀ ਕੱਪੜਿਆਂ ਨਾਲ ਪੂਰੀ ਤਰ੍ਹਾਂ ਨਾਲ ਢੱਕ ਲਿਆ ਜਾਵੇ ਜੋ ਕਿ ਸਰੀਰ ਨੂੰ ਠੰਢਾ ਰੱਖਣ ਵਿੱਚ ਸਹਾਇਕ ਹੁੰਦੇ ਹਨ | ਇਸ ਲਈ ਸਿਰ ਢੱਕ ਕੇ ਤੇ ਛੱਤਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਹੀਟ ਵੇਵ ਦੇ ਚੱਲਦਿਆਂ ਅੱਖਾਂ ਦੀ ਸੁਰੱਖਿਆ ਲਈ ਚਸ਼ਮਾਂ ਅਤੇ ਚਮੜੀ ਦੀ ਸੁਰੱਖਿਆ ਲਈ ਕਿਸੇ ਵੀ ਸਨਸ ਕ੍ਰੀਮ ਦੀ ਵਰਤੋਂ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਆਮ ਲੋਕਾਂ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਲੂਅ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਸ ਲਈ ਇਨ੍ਹਾਂ ਨੂੰ ਸਿਹਤ 'ਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ | ਗਰਮੀ ਤੋਂ ਆਪਣੇ-ਆਪ ਨੂੰ ਬਚਾਉਣ ਲਈ ਸਰੀਰ ਨੂੰ ਹਾਈਡ੍ਰੇਟਿਡ ਰੱਖਣ ਹਿੱਤ ਘਰੇਲੂ ਤਰਲ ਪਦਾਰਥ ਜਿਵੇਂ ਸਾਦਾ ਪਾਣੀ, ਲੱਸੀ, ਸ਼ਕਿੰਜਵੀ, ਗੰਨੇ ਦਾ ਰਸ, ਨਾਰੀਅਲ ਪਾਣੀ, ਤਾਜ਼ਾ ਜੂਸ ਅਤੇ ਓ.ਆਰ.ਐੱਸ. ਘੋਲ ਆਦਿ ਦਾ ਸੇਵਨ ਕੀਤਾ ਜਾਵੇ | ਕੋਲਡ ਡਰਿੰਕ, ਹਾਰਡ ਡਰਿੰਕ ਤੇ ਹੋਰ ਡੱਬਾਬੰਦ ਪੀਣ ਵਾਲੇ ਤਰਲ ਪਦਾਰਥ, ਬਾਹਰ ਦੇ ਖਾਣੇ ਜਾਂ ਫਾਸਟ ਫੂਡ ਖਾਣ ਤੋਂ ਪ੍ਰਹੇਜ ਕੀਤਾ ਜਾਵੇ |