ਨਵਾਂਸ਼ਹਿਰ, 22 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਔਲਖ ਨੇ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨੋਟੀਫਾਈਡ ਏਰੀਆ ਬਲਾਕ ਔੜ ਅਤੇ ਬੰਗਾ ਵਿੱਚ ਐਨ.ਓ.ਸੀ ਤੋਂ ਬਿਨਾਂ ਟਿਊਬਵੈਲ ਤੇ ਸਬਮਰਸੀਬਲ ਪੰਪ ਲਗਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਸੈਂਟਰਲ ਗਰਾਊਾਡ ਵਾਟਰ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਪ੍ਰਵਾਨਿਤ ਕੰਮਾਂ ਵਿੱਚੋਂ ਟਿਊਬਵੈਲ ਜਾਂ ਸਬਮਰਸੀਬਲ ਲਗਾਉਣਾ ਹੈ, ਤਾਂ ਉਹ ਐਨ.ਓ.ਸੀ ਲਈ ਉਨਾਂ ਦੇ ਦਫ਼ਤਰ ਵਿਚ ਅਪਲਾਈ ਕਰਕੇ ਮਨਜ਼ੂਰੀ ਪ੍ਰਾਪਤ ਕਰੇਗਾ | ਅਣ-ਅਧਿਕਾਰਤ ਟਿਊਬਵੈਲ ਤੇ ਸਬਮਰਸੀਬਲ ਦੀ ਜਾਂਚ ਕਰਨ ਲਈ ਪਿੰਡਾਂ ਵਿਚ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸ਼ਹਿਰਾਂ ਵਿਚ ਸਬੰਧਤ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਗਈ ਹੈ | ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਇੱਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਦੀ ਹੱਦ ਅੰਦਰ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਬੋਰਵੈਲਾਂ ਤੇ ਟਿਊਬਵੈਲਾਂ ਦੀ ਖੁਦਾਈ ਜਾਂ ਮੁਰੰਮਤ ਕਰਨ ਤੋਂ ਪਹਿਲਾਂ ਜਮੀਨ ਮਾਲਕਾਂ ਅਤੇ ਸਬੰਧਤਾਂ ਵਿਭਾਗਾਂ ਨੂੰ ਖੂਹ ਜਾਂ ਬੋਰ ਪੁੱਟਣ ਤੋਂ ਪਹਿਲਾਂ ਜ਼ਿਲ੍ਹਾ ਕੁਲੈਕਟਰ, ਸਬੰਧਤ ਸਰਪੰਚ, ਗ੍ਰਾਮ ਪੰਚਾਇਤ, ਨਗਰ ਕੌਂਸਲ, ਜਨ ਸਿਹਤ ਵਿਭਾਗ, ਭੂਮੀ ਰੱਖਿਆ ਵਿਭਾਗ ਨੂੰ 15 ਦਿਨ ਪਹਿਲਾਂ ਸੂਚਿਤ ਕਰੇਗਾ ਕਰਨਾ ਹੋਵੇਗਾ, ਖੂਹ ਜਾਂ ਬੋਰਵੈਲ ਦੇ ਆਲੇ-ਦੁਆਲੇ ਸੀਮਿੰਟ ਕੰਕਰੀਟ ਦਾ ਪਲੇਟਫਾਰਮ ਜੋ ਜਮੀਨੀ ਲੇਬਲ ਤੋਂ ਉੱਚਾ ਹੋਵੇ | ਖੂਹ ਦੇ ਆਲੇ-ਦੁਆਲੇ ਮੋਣ ਦੀ ਉਸਾਰੀ ਕੀਤੀ ਜਾਵੇ | ਕੰਮ ਮੁਕੰਮਲ ਹੋਣ ਉਪੰਰਤ ਖੂਹ ਦੁਆਲੇ ਪਏ ਪਾੜ ਨੂੰ ਭਰ ਕੇ ਜਮੀਨ ਦੇ ਬਰਾਬਰ ਜਮੀਨੀ ਲੇਬਲ ਨੂੰ ਪਹਿਲਾਂ ਦੀ ਤਰ੍ਹਾਂ ਕੀਤਾ ਜਾਵੇ | ਇਹ ਹੁਕਮ 14 ਜੂਨ 2026 ਤੱਕ ਲਾਗੂ ਰਹਿਣਗੇ |