ਬੰਗਾ, 22 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿ੍ੰਸੀਪਲ ਡਾ. ਤਰਸੇਮ ਸਿੰਘ ਤੇ ਅਧਿਆਪਕ ਸਟਾਫ਼ ਮੈਂਬਰਾਂ ਡਾ. ਇੰਦੂ ਰੱਤੀ, ਡਾ. ਸੁਨਿਧੀ ਮਿਗਲਾਨੀ, ਡਾ. ਹਰਜੋਤ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸਵਲੀਨ ਕੌਰ ਅਤੇ ਪਰਮਜੀਤ ਸਿੰਘ, ਮੁਕੇਸ਼ ਸ਼ਰਮਾ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਮਨਜੀਤ ਕੌਰ, ਸੋਨੀਆ, ਚਮਨ ਲਾਲ, ਆਸ਼ੀਸ਼, ਦਿਨੇਸ਼ ਨੇ ਬੂਟੇ ਲਗਾਏ | ਬੀ.ਐਸ.ਸੀ ਮੈਡੀਕਲ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲਿਆ | ਪਿ੍ੰਸੀਪਲ ਡਾ. ਤਰਸੇਮ ਸਿੰਘ ਨੇ ਵਿਦਿਆਰਥੀਆਂ ਨੂੰ ਧਰਤੀ ਦਿਵਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਉਨ੍ਹਾਂ ਨੇ ਕਿਹਾ ਕਿ ਸਾਡਾ ਸਰੀਰ ਪੰਜ ਤੱਤਾਂ ਧਰਤੀ, ਅੱਗ, ਪਾਣੀ, ਹਵਾ, ਆਕਾਸ਼ ਤੋਂ ਬਣਿਆ ਹੈ, ਜਿਨ੍ਹਾਂ ਵਿੱਚੋਂ ਧਰਤੀ ਸਭ ਤੋਂ ਮਹੱਤਵਪੂਰਨ ਹੈ ਅਤੇ ਬਾਕੀ ਚਾਰੇ ਇਸ ਉੱਤੇ ਨਿਰਭਰ ਹਨ | ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਗਲੇਸ਼ੀਅਰ ਪਿਘਲ ਰਹੇ ਹਨ | ਮੌਸਮ ਦਾ ਚੱਕਰ ਵਿਗੜ ਰਿਹਾ ਹੈ ਅਤੇ ਹੜ੍ਹ-ਸੋਕੇ ਵਰਗੀਆਂ ਆਫ਼ਤਾਂ ਵੱਧ ਰਹੀਆਂ ਹਨ | ਇਸ ਦਾ ਮੁੱਖ ਕਾਰਨ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨਹਾਊਸ ਗੈਸਾਂ ਦਾ ਵਧਣਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧਰਤੀ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ | ਉਨ੍ਹਾਂ ਦੱਸਿਆ ਕਿ ਅਸੀਂ ਪਾਣੀ ਨੂੰ ਟਿਕਾਊ ਢੰਗ ਨਾਲ ਕਿਵੇਂ ਵਰਤ ਸਕਦੇ ਹਾਂ ਅਤੇ ਬਚਾ ਸਕਦੇ ਹਾਂ ਅਤੇ ਜਲ ਸਰੋਤਾਂ ਦੇ ਪ੍ਰਬੰਧਨ ਬਾਰੇ ਜਾਗਰੂਕ ਕੀਤਾ |