ਕਾਠਗੜ੍ਹ, 23 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਅੰਦਰ ਚਲ ਰਹੇ ਜਨ ਸੰਘਰਸ਼ਾਂ ਨੂੰ ਕੰਮਜ਼ੋਰ ਕਰਨ ਲਈ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚੋਂ ਹਾਕਮ ਧਿਰਾਂ ਰਾਜਸੀ ਲਾਹਾ ਲੈਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਇੱਥੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ | ਲਾਰੈਂਸ ਆਫ਼ ਪੰਜਾਬ ਟੀ. ਵੀ. ਸੀਰੀਜ ਦਾ ਜ਼ਿਕਰ ਕਰਦੇ ਹੋਏ ਇਸਨੂੰ ਏਜੰਸੀਆਂ ਦਾ ਕਾਰਾ ਦੱਸਿਆ | ਉਨ੍ਹਾਂ ਕਿਹਾ ਕਿ ਇਕ ਝੂਠਾ ਨੈਰੇਟਿਵ ਜਿਸ ਵਿਚ ਗੈਂਗਸਟਰ ਵਾਦ ਨੂੰ ਨਾਇਕਵਾਦ ਵਜੋਂ ਪੇਸ਼ ਕੀਤਾ ਗਿਆ ਹੈ ਸਿਰਜਿਆ ਜਾ ਰਿਹਾ ਹੈ ਤਾਂਕਿ ਨੌਜਵਾਨਾਂ ਨੂੰ ਕੁਰਾਹੇ ਪਾਇਆ ਜਾ ਸਕੇ | ਇਸ ਰਾਹੀਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਦੇ ਸੰਘਰਸ਼ਾਂ ਨੂੰ ਹਾਕਮ ਧਿਰਾਂ ਵਲੋਂ ਕੰਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਸੰਘਰਸ਼ਸ਼ੀਲ ਲੋਕਾਂ ਵਿਚ ਪਾਈ ਜਾ ਰਹੀ ਬੇਚੈਨੀ ਨੂੰ ਕੁਰਾਹੇ ਪਾ ਕੇ ਹਾਕਮ ਧਿਰਾਂ ਆਪਣਾ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ, ਜਿਸ ਨੂੰ ਇਕ ਮੁੱਠ ਹੋ ਕੇ ਰੋਕਣਾ ਪਵੇਗਾ | ਗੈਂਗਸਟਰ ਬਾਦਲੀ ਸ਼ੋਭਾ ਕਰਕੇ ਇਸ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਲਹਿਰ ਦੇ ਬਰਾਬਰ ਦੱਸਣਾ ਬਹੁਤ ਹੀ ਖ਼ਤਰਨਾਕ ਹੈ | ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬੀਆਂ ਨੂੰ ਰੋਟੀ ਮਿਲੇ ਜਾਂ ਨਾ ਮਿਲੇ ਪਰ ਹਥਿਆਰ ਚਾਹੀਦੇ ਹਨ | ਸਾਥੀ ਰਾਣਾ ਨੇ ਚਿੰਤਾ ਪ੍ਰਗਟ ਕੀਤੀ ਕੀ ਇਹ ਏਜੰਸੀਆਂ ਨੌਜਵਾਨਾਂ ਨੂੰ ਅੱਤਵਾਦ ਦੇ ਰਾਹ ਤੋਰਨ ਦਾ ਕੰਮ ਕਰਦੀਆਂ ਹਨ | ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਹੋ ਕੇ ਇਨ੍ਹਾਂ ਚਾਲਾਂ ਨੂੰ ਫੇਲ੍ਹ ਕਰਨ ਲਈ ਜਨ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਅਤੇ ਵਿਸ਼ਾਲ ਕਰਨ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਜਨ ਸੰਘਰਸ਼ਾਂ ਦੀ ਦਿਸ਼ਾ ਦਿੱਤੀ ਜਾ ਸਕੇ |