ਨਵਾਂਸ਼ਹਿਰ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਗੁਲਪ੍ਰੀਤ ਸਿੰਘ ਔਲਖ ਆਈ.ਏ.ਐੱਸ. ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕੈਰੀਅਰ ਸੈਂਟਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਵਿਖੇ ਵਿਅਕਤੀਗਤ ਗਾਈਡੈਂਸ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਸੰਦੀਪ ਕੁਮਾਰ ਪੀ.ਸੀ.ਐੱਸ. (ਏ) ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖ਼ਲਾਈ ਅਫ਼ਸਰ ਵੱਲੋਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਵਿਚ ਕਰੀਅਰ ਚੋਣ ਸਬੰਧੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਤੇ ਨਾਲ ਹੀ ਵਿਦਿਆਰਥੀ ਕਿਵੇਂ ਜਨਰਲ ਨੌਲਿਜ਼, ਸੱਖਿਆਤਮਕ ਯੋਗਤਾ ਆਦਿ ਵਿਸ਼ੇ ਸਰਕਾਰੀ/ਪ੍ਰਾਈਵੇਟ ਨੌਕਰੀ ਲਈ ਮੱਦਦ ਕਰ ਸਕਦੇ ਹਨ | ਸ਼੍ਰੀਮਤੀ ਹਿਨਾ ਭਾਟੀਆ, ਯੰਗ ਪ੍ਰੋਫੈਸ਼ਨਲ ਐੱਮ.ਸੀ.ਸੀ. ਵਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਬਿਊਰੋ ਦੀ ਮਹੱਤਤਾ ਬਾਰੇ ਦੱਸਦੇ ਹੋਏ ਵੱਖ-ਵੱਖ ਸਕੀਮਾਂ ਦੀ ਪੜ੍ਹਾਈ, ਆਈ.ਟੀ.ਆਈ. ਕੋਰਸ, ਡਿਪਲੋਮਾ ਅਤੇ ਡਿਗਰੀ ਕੋਰਸਾਂ ਬਾਰੇ ਜਾਣਕਾਰੀ, ਪਲੇਸਮੈਂਟ ਸੈੱਲ ਦੁਆਰਾ ਕੀਤੇ ਜਾਂਦੇ ਨੌਕਰੀਆਂ ਦੇ ਉਪਰਾਲੇ, ਰੋਜ਼ਗਾਰ ਬਿਊਰੋ ਰਾਹੀਂ ਦਿੱਤੀ ਜਾਂਦੀ ਮੁਫ਼ਤ ਇੰਟਰਨੈੱਟ ਸੁਵਿਧਾ, ਸਵੈ-ਰੋਜ਼ਗਾਰ ਸਕੀਮਾਂ, ਸ਼ਾਰਟ ਟਰਮ ਤਕਨੀਕੀ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਵਿਭਾਗ ਵੱਲੋਂ ਸਾਇਕੋਮੈਟਰਿਕ ਟੈਸਟ ਦੀ ਮੁਫ਼ਤ ਸਹੂਲਤ ਬਾਰੇ ਦੱਸਿਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਭਾਅ, ਰੁਚੀ ਅਤੇ ਯੋਗਤਾ ਅਨੁਸਾਰ ਸਹੀ ਕਰੀਅਰ ਚੁਣਨ ਵਿੱਚ ਮੱਦਦ ਕਰਦਾ ਹੈ | ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਦਲਜੀਤ ਸਿੰਘ, ਜੇ.ਐੱਸ.ਐੱਫ.ਐੱਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ |