ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਦੇਸ਼ ਭਗਤਾਂ ਬਾਰੇ ਫਿਲਮਾਂ ਜਾਂ ਨਾਟਕ ਜਾਂ ਟੀ.ਵੀ ਸੀਰੀਅਲ ਦਿਖਾਏ ਜਾਣੇ ਚਾਹੀਦੇ ਹਨ ਨਾ ਕਿ ਕਿਸੇ ਗੈਂਗਸਟਰ ਦੀ ਜ਼ਿੰਦਗੀ ਬਾਰੇ | ਇਹ ਵਿਚਾਰ ਪ੍ਰਗਟਾਉਂਦਿਆਂ ਯੂਥ ਅਕਾਲੀ ਆਗੂ ਸ. ਪਰਮਜੀਤ ਸਿੰਘ ਪੰਮਾ ਨੇ ਸੀਰੀਜ਼ 'ਲਾਰੈਂਸ ਆਫ ਪੰਜਾਬ' 'ਤੇ ਸਰਕਾਰਾਂ ਤੋਂ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ | ਉਹਨਾਂ ਅੱਗੇ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ | ਜਿਸ ਦੇ ਚਲਦਿਆਂ ਖਤਰਨਾਕ ਅਪਰਾਧੀ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਅਨਸਰਾਂ ਦੀ ਜ਼ਿੰਦਗੀ 'ਤੇ ਅਜਿਹੀਆਂ ਸੀਰੀਜ਼ ਬਣਾਉਣ ਦੀ ਹਿੰਮਤ ਕੀਤੀ ਜਾ ਰਹੀ ਹੈ | ਇਸ ਫਿਲਮ ਸੀਰੀਜ਼ 'ਚ ਇੱਕ ਅਜਿਹੇ ਵਿਅਕਤੀ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹੜਾ ਹਰਮਨ ਪਿਆਰੇ ਪੰਜਾਬੀ ਲੋਕ-ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਸਮੇਤ ਕਈ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ | ਪੰਮਾ ਨੇ ਸਵਾਲ ਕੀਤਾ ਕਿ ਅਜਿਹੀ ਪਵਿੱਤਰ ਧਰਤੀ ਜਿਸ ਦਾ ਸ਼ਾਨਦਾਰ ਇਤਿਹਾਸ ਅਤੇ ਸੱਭਿਆਚਾਰ ਹੈ ਨੂੰ ਕਿਸੇ ਨੂੰ ਗੈਂਗਸਟਰ ਨਾਲ ਜੋੜਿਆ ਜਾਣਾ ਚਾਹੀਦਾ ਹੈ? ਦੂਸਰੀ ਗੱਲ ਜੁਰਮ ਅਤੇ ਗੈਂਗਸਟਰ ਦੀ ਵਡਿਆਈ ਨੌਜਵਾਨਾਂ ਦੇ ਮਨਾਂ 'ਤੇ ਖ਼ਤਰਨਾਕ ਪ੍ਰਭਾਵ ਛੱਡ ਜਾਏਗੀ | ਜਿਸ ਨਾਲ ਨੌਜਵਾਨ ਜੁਰਮ ਵੱਲ ਆਕਰਸ਼ਤਿ ਹੋ ਸਕਦੇ ਹਨ | ਉਹਨਾਂ ਸੂਚਨਾ ਤੇ ਟੈਕਨੋਲਜੀ ਮੰਤਰਾਲੇ ਨੂੰ ਇਸ ਵੈੱਬ ਸੀਰੀਜ਼ ਦੀ ਰਿਲੀਜ਼ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ | ਉਹਨਾਂ ਸਿੱਖ ਯੋਧਿਆਂ ਤੇ ਦੇਸ਼ ਭਗਤਾਂ ਦੀ ਜਿੰਦਗੀ 'ਤੇ ਫਿਲਮਾਂ ਤੇ ਨਾਟਕ ਬਣਾਉਣ ਦੀ ਮੰਗ ਕੀਤੀ ਅਤੇ ਸੀਰੀਜ਼ 'ਲਾਰੈਂਸ ਆਫ ਪੰਜਾਬ' 'ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਬਾਰੇ ਨਹੀਂ ਸਗੋਂ ਸਿੱਖ ਯੋਧਿਆਂ ਬਾਰੇ ਦੱਸਣ ਦੀ ਮੰਗ ਕੀਤੀ |