ਕਟਾਰੀਆਂ, 26 ਅਪ੍ਰੈਲ (ਪ੍ਰੇਮੀ ਸੰਧਵਾਂ)- ਸੀਨੀਅਰ ਮਹਿਲਾ ਕਾਂਗਰਸੀ ਆਗੂ ਚੌ. ਮੀਨਾ ਸੂੰਢ ਪਤਨੀ ਸਾਬਕਾ ਵਿਧਾਇਕ ਸਵ: ਚੌ. ਤਰਲੋਚਨ ਸਿੰਘ ਸੂੰਢ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਪ੍ਰਾਪਤ ਕਰਕੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇਗੀ | ਉਨ੍ਹਾਂ ਕਿਹਾ ਕਿ ਪਿੰਡ ਵਿੱਚ ਹਲਕੇ ਦੇ ਲੋਕਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ 'ਚ ਲੋਕਾਂ ਦੀ ਭਰਵੀਂ ਹਾਜ਼ਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਕਿਉਂਕਿ ਝੂਠ ਦੀ ਨੀਂਹ 'ਤੇ ਖੜ੍ਹੀ ਆਪ ਸਰਕਾਰ ਸਮੇਂ ਬਿਜਲੀ ਦੇ ਲੱਗ ਰਹੇ ਘੰਟਿਆਂ ਬੱਧੀ ਅਣ ਐਲਾਨੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਬਿਜਲੀ ਦੇ ਲੰਮੇ-ਲੰਮੇ ਕੱਟ ਹੀ ਆਮ ਆਦਮੀ ਪਾਰਟੀ ਸਰਕਾਰੀ ਦੀਆਂ ਜੜ੍ਹਾ ਹਿਲਾ ਦੇਣਗੇ | ਕਿਉਂਕਿ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ ਸਪਲਾਈ ਨਿਰਵਿਘਨ ਜਾਰੀ ਕੀਤੀ ਜਾਵੇਗੀ | ਪਰ ਸਰਕਾਰ ਦਾ ਇਹ ਵਾਅਦਾ ਤੇ ਦਾਅਵਾ ਝੂਠਾ ਨਿਕਲਿਆ | ਚੌ. ਮੀਨਾ ਸੂੰਢ ਨੇ ਕਿਹਾ ਕਿ ਜਿੰਨਾ ਮਾੜਾ ਹਾਲ ਆਪ ਦੀ ਸਰਕਾਰ ਸਮੇਂ ਬਿਜਲੀ ਦਾ ਹੈ, ਕਾਂਗਰਸ ਸਰਕਾਰ ਵੇਲੇ ਕਦੇ ਅਜਿਹਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਲਿਆਉਣ ਦਾ ਨਾਅਰਾ ਦੇਣ ਵਾਲੀ ਆਪ ਸਰਕਾਰ ਨੂੰ ਪੰਜਾਬ ਦੀ ਸਤਾ ਸੰਭਾਲੀ ਸੀ ਕਿ ਸ਼ਾਇਦ ਇਹ ਪਾਰਟੀ ਸੂਬੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗੀ ਪਰ ਲੋਕਾਂ ਦਾ ਮਨ ਹੁਣ ਆਪ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਭੰਗ ਹੋ ਚੁੱਕਾ ਹੈ | ਇਸ ਮੌਕੇ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ, ਕੁਲਵਰਨ ਸਿੰਘ ਗਿੱਲ ਬਲਾਕ ਪ੍ਰਧਾਨ ਕਾਂਗਰਸ, ਐਡਵੋਕੇਟ ਅਮਨਦੀਪ ਸਿੰਘ ਗੁਰੂ, ਅੰਜੂ ਰਾਣਾ ਗੁਰੂ ਆਦਿ ਹਾਜ਼ਰ ਸਨ |