ਬੰਗਾ, 27 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਸ੍ਰੀ ਚਰਨ ਕੰਵਲ ਜੀਂਦੋਵਾਲ-ਬੰਗਾ ਪਾਤਸ਼ਾਹੀ ਛੇਵੀਂ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮੂਹ ਨਗਰ ਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਇਸ ਸਮਾਗਮ ਦੀ ਆਰੰਭਤਾ ਵਿੱਚ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਭਾਈ ਗੁਰਮੁਖ ਸਿੰਘ, ਭਾਈ ਸਤਨਾਮ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਦੇ ਜਥੇ ਅਤੇ ਭਾਈ ਜੱਸਾ ਸਿੰਘ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਭਰਪੂਰ ਨਿਹਾਲ ਕੀਤਾ | ਸਮਾਗਮ 'ਚ ਵਿਸ਼ੇਸ਼ ਸੱਦੇ ਦੇ ਤੌਰ 'ਤੇ ਪਹੁੰਚੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਹਾਨ ਪਰਉਪਕਾਰਾਂ ਬਾਰੇ, ਸੇਵਾ ਸਿਮਰਨ, ਸਮਾਜ ਵਿਚ ਫੈਲੀਆਂ ਸਤੀ ਪ੍ਰਥਾ, ਔਰਤਾਂ ਵਿੱਚ ਪਰਦਾ ਪ੍ਰਥਾ ਖਤਮ ਕਰਵਾਉਣ ਸਬੰਧੀ, ਜਜੀਆ ਟੈਕਸ ਮੁਆਫ਼ ਕਰਵਾਉਣ ਅਤੇ ਹੋਰ ਕੀਤੇ ਗਏ ਅਨੇਕਾਂ ਮਹਾਨ ਕਾਰਜਾਂ ਬਾਰੇ ਸੰਗਤਾਂ ਦੇ ਸਨਮੁੱਖ ਚਾਨਣਾ ਪਾਇਆ | ਉਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਸਿੱਖ ਧਰਮ ਵਿੱਚ ਬੀਬੀਆਂ ਨੂੰ ਦਿਵਾਏ ਬਰਾਬਰ ਦੇ ਰੁਤਬੇ ਬਾਰੇ ਵਿਸਥਾਰ ਨਾਲ ਦੱਸਿਆ | ਉਹਨਾਂ ਸੰਗਤਾਂ ਨੂੰ ਨਸ਼ਿਆਂ, ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਪੂਰੇ ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਫਲਤਾ ਪੂਰਵਕ ਜਿਊਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਮੈਨੇਜਰ ਹਰਭਜਨ ਸਿੰਘ, ਗਿਆਨੀ ਪਲਵਿੰਦਰ ਸਿੰਘ, ਗਿਆਨੀ ਦੇਸਾ ਸਿੰਘ, ਭਾਈ ਜੋਗਾ ਸਿੰਘ, ਮਾਸਟਰ ਨਿਰਮਲ ਸਿੰਘ, ਪਰਮਿੰਦਰ ਸਿੰਘ ਜੌਹਰ, ਤਿ੍ਲੋਕ ਸਿੰਘ ਫਲੋਰਾ, ਸੁਖਵਿੰਦਰ ਸਿੰਘ ਗੋਬਿੰਦਪੁਰੀ, ਅਵਤਾਰ ਸਿੰਘ, ਹਰਦੇਵ ਸਿੰਘ ਅਲਾਚੌਰ, ਲਖਬੀਰ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ, ਐਡਵੋਕੇਟ ਰਵਿੰਦਰ ਸਿੰਘ, ਜੋਗਿੰਦਰ ਸਿੰਘ ਅਰੋੜਾ, ਅਮਰਜੀਤ ਸਿੰਘ ਸੈਕੇਟਰੀ, ਕੁਲਜਿੰਦਰਜੀਤ ਸਿੰਘ ਸੋਢੀ, ਜਸਵੰਤ ਸਿੰਘ, ਦਮਨਜੀਤ ਸਿੰਘ ਗਾਂਧੀ, ਨਿਰਮਲ ਸਿੰਘ ਮੱਲੂਪੋਤਾ, ਬੀਬੀ ਪਰਮਜੀਤ ਕੌਰ, ਬੀਬੀ ਮਨਜੀਤ ਕੌਰ, ਮਨਦੀਪ ਸਿੰਘ ਪੂੰਨੀ ਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |