ਪੋਜੇਵਾਲ ਸਰਾਂ/ਟੱਪਰੀਆਂ ਖ਼ੁਰਦ, 27 ਅਪ੍ਰੈਲ (ਨਵਾਂਗਰਾਈਾ, ਬੂਥਗੜ੍ਹੀਆ)-ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਜੇ ਗੁਰੂ ਗੱਦੀਨਸ਼ੀਨ ਸਵਾਮੀ ਬ੍ਰਹਮਾ ਨੰਦ ਗਊਆਂ ਵਾਲਿਆਂ ਦੇ 24ਵਾਂ ਨਿਰਵਾਣ ਦਿਵਸ ਨੂੰ ਸਮਰਪਿਤ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਨੇ ਵਿਸ਼ਾਲ ਸੰਤ ਸਮਾਗਮ ਦੀਆਂ ਮੁਕੰਮਲ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੀ ਸਫਲਤਾ ਲਈ 1 ਮਹੀਨੇ ਤੋਂ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਨੇ ਆ ਕੇ ਸੇਵਾ ਕਰਦਿਆਂ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕੀਤੀ ਹੈ | ਆਚਾਰੀਆ ਜੀ ਨੇ ਇਸ ਮੌਕੇ ਸੇਵਾਦਾਰਾਂ ਦੇ ਵਿੰਗ ਇੰਚਾਰਜਾਂ ਤੇ ਸੈਕਟਰ ਇੰਚਾਰਜਾਂ ਹੋਰ ਸੇਵਾਦਾਰਾਂ ਤੇ ਟਰੱਸਟ ਮੈਂਬਰਾਂ ਦੀ ਮੀਟਿੰਗ ਲੈਂਦਿਆਂ ਆਦੇਸ਼ ਕੀਤੇ ਕਿ ਗਰਮੀ ਦੇ ਮੌਸਮ ਅਤੇ ਵਗਦੀ ਲੂਅ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼-ਵਿਦੇਸ਼ਾਂ ਤੋ ਪੁੱਜ ਰਹੀਆਂ ਸੰਗਤਾਂ ਤੇ ਸੇਵਾ ਕਰ ਰਹੇ ਸੇਵਾਦਾਰਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ | ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਨੇ ਦੱਸਿਆ ਕਿ 29 ਅਪ੍ਰੈਲ ਦਿਨ ਬੁੱਧਵਾਰ ਨੂੰ ਸਵੇਰੇ ਕਰੀਬ 9 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਸ਼ੁਰੂ ਹੋਵੇਗੀ, 10 ਵਜੇ ਆਚਾਰੀਆ ਜਗਤ ਗੁਰੂ ਬਾਬਾ ਗਰੀਬਦਾਸੀ ਰਚਿਤ ਬਾਣੀ ਦੇ ਅਖੰਡ ਪਾਠ ਦੇ ਸ਼ੁੱਭ ਅਫ਼ਸਰ 'ਤੇ ਗਰੀਬਦਾਸੀ ਸਰਬਉੱਚ ਪੀਠ ਦੇ ਮੁੱਖ ਪੀਠਾਦੀਸ਼ਵਰ ਮਹੰਤ ਦਿਯਾ ਸਾਗਰ ਛੂਡਾਣੀ ਧਾਮ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪਾਠ ਆਰੰਭ ਕਰਨਗੇ | 30 ਅਪ੍ਰੈਲ ਨੂੰ ਮੱਧ ਦੀ ਬਾਣੀ ਦੇ ਭੋਗ ਦੇ ਉਪਰੰਤ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਟੱਪਰੀਆਂ ਖ਼ੁਰਦ ਦੇ ਸਹਿਯੋਗ ਦੇ ਸਦਕਾ ਬਲੱਡ ਬੈਂਕ ਪੀ.ਜੀ.ਆਈ ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਖ਼ੂਨਦਾਨ ਕੈਂਪ ਤੇ ਮੈਗਾ ਮੈਡੀਕਲ ਕੈਪ, ਹੈਮਿਉਪੈਥਿਕ, ਐਲੋਪੈਥਿਕ ਕੈਂਪ ਲਗਾਇਆ ਜਾਵੇਗਾ | 1 ਮਈ ਨੂੰ ਸੰਤ ਸਮਾਗਮ ਦੇ ਅੰਤਿਮ ਦਿਨ ਸਮਾਪਤੀ ਦੇ ਮੌਕੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਉਣਗੇ | ਸੰਤ ਸਮਾਗਮ ਦੇ ਦੌਰਾਨ ਰਾਤ ਨੂੰ ਸੰਧਿਆ ਆਰਤੀ ਉਪਰੰਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਅਤੇ ਹੋਰ ਸੰਪਰਦਾਇ ਤੋਂ ਪੁੱਜੇ ਸੰਤ ਮਹਾਂਪੁਰਸ਼ ਸਤਿਸੰਗ ਦੇ ਜ਼ਰੀਏ ਸੰਗਤ ਤੇ ਅੰਮਿ੍ਤ ਵਰਖਾ ਕਰਨਗੇ ਤੇ ਵੱਖ-ਵੱਖ ਪਾਰਟੀਆਂ ਤੋਂ ਰਾਜਨੀਤਿਕ ਤੇ ਸਮਾਜ ਸੇਵੀ ਆਗੂ ਬ੍ਰਹਮਾ ਨੰਦ ਭੂਰੀਵਾਲਿਆ ਦੇ ਨਿਰਵਾਣ ਦਿਵਸ ਮੌਕੇ ਸ਼ਿਰਕਤ ਕਰਨਗੇ |