ਬੰਗਾ, 27 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਇਨਸਾਫ਼ ਦੀ ਅਵਾਜ਼ ਜਥੇਬੰਦੀ ਦੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਮਹੱਤਵਪੂਰਨ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਦੇ ਵਿੱਤ ਸਕੱਤਰ ਸ. ਗੁਰਦੀਪ ਸਿੰਘ ਝਿੱਕਾ, ਅਮਰੀਕ ਸਿੰਘ ਪਠਲਾਵਾ, ਮਲਕੀਤ ਸਿੰਘ ਖਮਾਚੋ, ਜਸਵੀਰ ਸਿੰਘ ਝਿੱਕਾ ਤੇ ਮਾਸਟਰ ਰਮੇਸ਼ ਕੁਮਾਰ ਪਠਲਾਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਬੰਗਾ ਵਿਖੇ ਹੋਈ | ਜਿਸ ਵਿੱਚ ਜ਼ਿਲ੍ਹੇ ਨਾਲ ਸਬੰਧਤ ਜਥੇਬੰਦੀ ਦੇ ਸਾਰੇ ਵਰਕਰ ਅਤੇ ਨਿਵੇਸ਼ਕਾਂ ਨੇ ਹਿੱਸਾ ਲਿਆ | ਮੀਟਿੰਗ ਦੀ ਕਾਰਵਾਈ ਦੇ ਵੇਰਵਿਆਂ ਨੂੰ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਗੁਰਦੀਪ ਸਿੰਘ ਝਿੱਕਾ ਅਤੇ ਸ. ਅਮਰੀਕ ਸਿੰਘ ਪਠਲਾਵਾ ਨੇ ਕਿਹਾ ਕਿ ਜਥੇਬੰਦੀ ਨੇ ਭਾਰਤ ਸਰਕਾਰ ਦੀ ਏਜੰਸੀ ਸੇਬੀ ਅਤੇ ਜਸਟਿਸ ਆਰ. ਐੱਮ. ਲੋਢਾ ਕਮੇਟੀ ਤੋਂ ਪੁਰਜ਼ੋਰ ਮੰਗ ਕਰਦਿਆਂ ਆਖਿਆ ਕਿ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨੂੰ ਵਾਪਿਸ ਕਰਨ ਲਈ ਪੋਰਟਲ ਜਲਦੀ ਖੋਲਿ੍ਹਆ ਜਾਵੇ | ਇਸ ਤੋਂ ਇਲਾਵਾ ਜਥੇਬੰਦੀ ਦੇ ਬੁਲਾਰੇ ਜਿਨ੍ਹਾਂ ਵਿਚ ਲੈਕ: ਤਰਸੇਮ ਪਠਲਾਵਾ, ਜਸਵੀਰ ਸਿੰਘ ਝਿੱਕਾ, ਮਾਸਟਰ ਰਮੇਸ਼ ਕੁਮਾਰ ਪਠਲਾਵਾ ਨੇ ਕਿਹਾ ਕਿ ਲੋਢਾ ਕਮੇਟੀ ਵਲੋਂ ਉਨ੍ਹਾਂ ਤਰੁੱਟੀਆਂ ਨੂੰ ਦੂਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਨਿਵੇਸ਼ਕਾਂ ਨੇ ਫਰਵਰੀ 2019 ਵਿਚ ਆਨ ਲਾਈਨ ਪੋਰਟਲ 'ਤੇ ਅਪਲਾਈ ਕੀਤਾ ਸੀ | ਜਦੋਂ ਕਿ ਜਥੇਬੰਦੀ ਵਲੋਂ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਹਰ ਇਕ ਨਿਵੇਸ਼ਕ ਦਾ ਪੈਸਾ ਵਾਪਸ ਕਰਨ ਲਈ ਉਨ੍ਹਾਂ ਨਿਵੇਸ਼ਕਾਂ ਲਈ ਵੀ ਮੌਕਾ ਦਿੱਤਾ ਜਾਵੇ | ਜਿਹੜੇ ਉਸ ਵਕਤ ਕਿਸੇ ਕਾਰਨ ਕਰਕੇ ਆਨ ਲਾਈਨ ਅਪਲਾਈ ਕਰਨ ਤੋਂ ਰਹਿ ਗਏ ਸਨ | ਇਹ ਵੀ ਮੰਗ ਕੀਤੀ ਗਈ ਕਿ ਜ਼ਮੀਨ ਆਲਾਟਮੈਂਟ ਵਰਗੀਆਂ ਬੇਤੁੱਕੀਆਂ ਸ਼ਰਤਾਂ ਨੂੰ ਹਟਾ ਕੇ ਭੁਗਤਾਨ ਸ਼ੁਰੂ ਕੀਤਾ ਜਾਵੇ | ਇਸ ਤੋਂ ਇਲਾਵਾ ਮੀਟਿੰਗ ਵਿੱਚ ਇਸ ਗੱਲ 'ਤੇ ਵੀ ਜੋਰ ਦਿੱਤਾ ਗਿਆ ਕਿ ਪਰਲ ਕੰਪਨੀ ਦੀਆਂ ਪ੍ਰਾਪਰਟੀਆਂ ਨੂੰ ਸੇਲ ਕਰਨ ਲਈ ਲਗਾਈਆਂ ਬੇਤੁਕੀਆਂ ਸ਼ਰਤਾਂ ਨੂੰ ਵੀ ਤੁਰੰਤ ਖ਼ਤਮ ਕਰਕੇ ਜ਼ਮੀਨ ਦੀ ਸੇਲ ਜਲਦੀ ਤੋਂ ਜਲਦੀ ਕੀਤੀ ਜਾਵੇ | ਗੁਰਦੀਪ ਸਿੰਘ ਝਿੱਕਾ ਨੇ ਕੇਂਦਰ ਅਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਪਰਲ ਕੰਪਨੀ ਦੀ ਰਾਮਪੁਰ ਬਿਲੜੋਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਨਜ਼ਦੀਕ ਧੁਨਾਨਸੂ ਪਿੰਡ ਦੇ ਲਾਗੇ ਦੀ ਜ਼ਮੀਨ 'ਤੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਵੀ ਫੌਰੀ ਤੌਰ 'ਤੇ ਰੋਕਿਆ ਜਾਵੇ | ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਸਤੀਸ਼ ਕੁਮਾਰ ਐਮਾਂ ਜੱਟਾਂ, ਅਮਰਜੀਤ ਸਿੰਘ ਸੂਰਾਪੁਰ, ਹਰਭਜਨ ਸਿੰਘ ਸੂਰਾਪੁਰ, ਮੈਡਮ ਮਨਜੀਤ ਕੌਰ ਅਲਾਚੌਰ, ਮੈਡਮ ਜਸਵੀਰ ਕੌਰ ਸੂਰਾਪੁਰ, ਮਨੀ ਸਿੰਘ ਬੰਗਾ, ਮਾ: ਤਰਲੋਚਨ ਸਿੰਘ ਪਠਲਾਵਾ, ਰਣਜੀਤ ਸਿੰਘ ਤੇ ਬਲਵੀਰ ਸਿੰਘ ਮੰਢਾਲੀ ਆਦਿ ਹਾਜ਼ਰ ਸਨ |