ਬਲਾਚੌਰ, 27 ਅਪ੍ਰੈਲ (ਨਰੇਸ਼ ਧੌਲ)-ਇਲਾਕੇ ਅੰਦਰ ਜਿਥੇ ਪੀਣ ਵਾਲੇ ਪਾਣੀ ਦਾ ਸੰਕਟ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਉਥੇ ਹੀ ਕੁੱਝ ਘਰੇਲੂ ਲੋਕ ਤੇ ਸੰਸਥਾਵਾਂ ਪੀਣ ਵਾਲੇ ਪਾਣੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ | ਇਸੇ ਤਰਾਂ ਸਰਕਾਰੀ ਸਕੂਲ ਭੱਦੀ ਵਿਖੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਦੇ ਓਵਰਫਲੋ ਹੋਣ ਕਾਰਨ ਸੈਂਕੜੇ ਕਿਊਸਿਕ ਪਾਣੀ ਹਰ ਰੋਜ਼ ਬਰਬਾਦ ਕੀਤਾ ਜਾ ਰਿਹਾ ਹੈ | ਇਸ ਨਾਲ ਜਿੱਥੇ ਗਰਮੀ ਦੇ ਮੌਸਮ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋ ਰਿਹਾ ਉਥੇ ਇਸ ਪਾਣੀ ਨਾਲ ਲੱਖਾਂ ਰੁਪਏ ਨਾਲ ਬਣੀ ਸੜਕ ਟੁੱਟਣ ਦਾ ਖਦਸ਼ਾ ਵੀ ਹਰ ਵੇਲੇ ਬਣਿਆ ਰਹਿੰਦਾ ਹੈ | ਜਦ ਕਿ ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦੀ ਤੇ ਸਮਾਰਟ ਪ੍ਰਾਇਮਰੀ ਸਕੂਲ ਦੇ ਮੁਖੀਆਂ ਨੂੰ ਕਈ ਵਾਰ ਜਾਣੂੰ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਉਨਾਂ ਵੱਲੋਂ ਅਣਗਹਿਲੀ ਵਰਤਦਿਆਂ ਹੋਇਆਂ ਹਾਲੇ ਤੱਕ ਵੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਇਸ ਵੱਡੀ ਸਮੱਸਿਆ ਕਾਰਨ ਭੱਦੀ ਅੱਡੇ ਤੋਂ ਗਊਸ਼ਾਲਾ, ਬਾਬਾ ਕੈਂਥਲ, ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਲੰਘਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇ |