ਰੱਤੇਵਾਲ, 27 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਸਤਿਗੁਰੂ ਗੰਗਾ ਨੰਦ ਜੀ ਦੇ ਜਨਮ ਦਿਵਸ 'ਤੇ 25 ਅਪ੍ਰੈਲ ਨੂੰ ਗ਼ਰੀਬ ਦਾਸ ਜੀ ਦੀ ਅੰਮਿ੍ਤਮਈ ਬਾਣੀ ਦੇ ਆਰੰਭ ਕੀਤੇ ਗਏ 36 ਅਖੰਡ ਪਾਠਾਂ ਦੇ ਭੋਗ ਕਿ੍ਸ਼ਨਾ ਨੰਦ ਜੀ ਦੀ ਸਰਪ੍ਰਸਤੀ ਹੇਠ ਪਾਏ ਗਏ | ਅਵਤਾਰ ਦਿਵਸ ਦੇ ਸਬੰਧ ਵਿਚ 108 ਅਖੰਡ ਪਾਠਾਂ ਦੇ ਲੜੀਵਾਰ ਭੋਗ ਪਾਏ ਜਾਣੇ ਹਨ ਜਿਸ ਦੀ ਪਹਿਲੀ ਲੜੀ ਵਿੱਚ 36 ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਨਾਲ ਹੀ 36 ਅਖੰਡ ਪਾਠਾਂ ਦਾ ਪ੍ਰਕਾਸ਼ ਕੀਤਾ ਗਿਆ | 25 ਅਪ੍ਰੈਲ ਤੋਂ ਆਰੰਭ ਹੋਏ ਇਸ ਸਮਾਗਮ ਵਿੱਚ ਇਲਾਕਾ ਅਤੇ ਬਾਹਰੋਂ ਆਈਆਂ ਸੰਗਤਾਂ ਹੁੰਮ-ਹੁਮਾ ਕੇ ਪਹੁੰਚ ਰਹੀਆਂ ਹਨ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ | ਸ਼ਾਮ ਵੇਲੇ ਹੋ ਰਹੀ ਸੰਧਿਆ ਆਰਤੀ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਰੱਤੇਵਾਲ ਧਾਮ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੰਦਾ ਹੈ | ਸੰਧਿਆ ਆਰਤੀ ਤੋਂ ਬਾਅਦ ਸੰਤ ਮਹਾਂਪੁਰਖਾਂ ਵੱਲੋਂ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਜਾ ਰਿਹਾ ਹੈ | ਸੇਵਾਦਾਰਾਂ ਵਲੋਂ ਸੰਗਤਾਂ ਦੀ ਸੁਵਿਧਾ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਜਾ ਰਹੀ ਹੈ | ਸੰਗਤਾਂ ਲਈ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਹੈ ਤੇ ਮੈਡੀਕਲ ਕੈਂਪ ਵੀ ਲਗਾਤਾਰ ਦਿਨ ਰਾਤ ਚੱਲ ਰਿਹਾ ਹੈ |