ਬਲਾਚੌਰ, 27 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਵਲੋਂ ਸਮੁੱਚੇ ਪੰਜਾਬ ਵਿਚ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਜਾਣ ਵਾਲੇ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕੇ ਬਲਾਚੌਰ ਤੋਂ ਅਰੰਭਿਆ ਜਾਵੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਾਮਵਰ ਕਿਸਾਨ ਆਗੂ ਅਤੇ ਮਾਰਕੀਟ ਕਮੇਟੀ ਬਲਾਚੌਰ ਦੇ ਸਾਬਕਾ ਚੇਅਰਮੈਨ ਜਥੇਦਾਰ ਤਰਲੋਚਨ ਸਿੰਘ ਰੱਕੜ ਨੇ ਪ੍ਰਗਟ ਕੀਤੇ | ਉਨ੍ਹਾਂ ਪੱਤਰਕਾਰਾਂ ਦੇ ਜਰੀਏ ਬਲਾਚੌਰ ਤੋਂ ਇਹ ਪ੍ਰੋਜੈਕਟ ਅਰੰਭਣ ਸੰਬੰਧੀ ਨੁਕਤਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਸਭ ਤੋਂ ਵੱਧ ਪਾਪੂਲਰ ਬਲਾਚੌਰ ਹਲਕੇ ਅੰਦਰ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਹੈ, ਕਿਉਂਕਿ ਪਾਪੂਲਰ ਲਈ ਇਸ ਖੇਤਰ ਦੀ ਮਿੱਟੀ ਤੇ ਪੌਣ-ਪਾਣੀ ਢੁਕਵਾਂ ਹੈ ਅਤੇ ਬਲਾਚੌਰ ਇਲਾਕੇ ਦੇ ਕਿਸਾਨਾਂ ਦੀ ਆਰਥਿਕਤਾ ਪਾਪੂਲਰ 'ਤੇ ਨਿਰਭਰ ਹੈ ਅਤੇ ਪਾਪੂਲਰ ਵਿੱਤੀ ਤੌਰ 'ਤੇ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ, ਪਰ ਜੇਕਰ ਮੌਸਮ ਦੀ ਖ਼ਰਾਬੀ ਕਿਸੇ ਹੋਰ ਰਾਜ ਵਿਚ ਹੋਵੇ ਤਾਂ ਸਭ ਤੋਂ ਪਹਿਲਾਂ ਬਲਾਚੌਰ ਇਲਾਕੇ ਦੀ ਬਿਜਲੀ ਪ੍ਰਭਾਵਿਤ ਹੋ ਜਾਂਦੀ ਹੈ, ਕਿਉਂਕਿ ਹਨੇਰੀ ਕਾਰਨ ਪਾਪੂਲਰ ਦੇ ਖੇਤਾਂ ਤੋਂ ਲੰਘਣ ਵਾਲੀਆਂ ਤਾਰਾਂ ਹਨੇਰੀ ਦੀ ਹਿਲਜੁਲ ਕਾਰਨ ਸਪਾਰਕ ਕਰ ਜਾਂਦੀਆਂ ਹਨ ਅਤੇ ਬਿਜਲੀ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਕਈ ਪਿੰਡਾਂ ਵਿਚ ਕਈ-ਕਈ ਘੰਟੇ ਬਿਜਲੀ ਨਹੀਂ ਆਉਂਦੀ ਤੇ ਬਿਜਲੀ ਨਾ ਆਉਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ, ਦੂਜੇ ਪਾਸੇ ਕਣਕ ਤੇ ਝੋਨੇ ਦੀ ਵਢਾਈ ਵੇਲੇ ਜਦੋਂ ਬਿਜਲੀ ਦੀਆਂ ਤਾਰਾਂ ਟਕਰਾਅ ਜਾਂਦੀਆਂ ਹਨ ਤਾਂ ਕਈ ਥਾਂਈਾ ਕਣਕ ਨੂੰ ਅੱਗ ਲੱਗ ਜਾਂਦੀ ਹੈ | ਕਿਸਾਨ ਆਗੂ ਤਰਲੋਚਨ ਸਿੰਘ ਰੱਕੜ ਨੇ ਕਿਹਾ ਕਿ ਜੇਕਰ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਹੋ ਜਾਣ ਤਾਂ ਤਹਿਸੀਲ ਬਲਾਚੌਰ ਦੇ ਕਿਸਾਨਾਂ ਦੀ ਚਿੰਤਾ ਖ਼ਤਮ ਹੋ ਜਾਵੇਗੀ ਅਤੇ ਬਿਜਲੀ ਮਹਿਕਮੇ ਨਾਲ ਜੁੜੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਫ਼ੀ ਰਾਹਤ ਮਿਲ ਜਾਵੇਗੀ | ਕਿਸਾਨ ਆਗੂ ਤੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ ਨੇ ਆਖਿਆ ਇਸ ਪਾਇਲਟ ਪ੍ਰੋਜੈਕਟ ਨੂੰ ਬਲਾਚੌਰ ਤਹਿਸੀਲ ਤੋਂ ਅਰੰਭ ਕਰਾਉਣ ਲਈ ਜਲਦੀ ਹੀ ਕਿਸਾਨਾਂ ਭਰਾਵਾਂ ਦੇ ਵਫ਼ਦ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ | ਇਸੇ ਤਰਾਂ ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਹਰਵਿੰਦਰ ਸਿੰਘ ਤੇ ਹੋਰ ਅਗਾਂਹਵਧੂ ਕਿਸਾਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਇਹ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਬਲਾਚੌਰ ਹਲਕੇ ਤੋਂ ਕੀਤੀ ਜਾਵੇ |