ਬੰਗਾ, 27 ਅਪ੍ਰੈਲ (ਧਰਮਵੀਰ ਪਾਲ)-ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫ਼ਤਰ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਕਿਤਾਬਾਂ ਰਾਹੀਂ ਗਿਆਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਲਗਪਗ ਦੋ ਦਰਜਨ ਸਮਾਗਮਾਂ ਦੌਰਾਨ ਹੁਣ ਤੱਕ ਇੱਕ ਲੱਖ ਰੁਪਏ ਤੋਂ ਵੱਧ ਦੇ ਮੁੱਲ ਦੀਆਂ ਕਿਤਾਬਾਂ ਪਾਠਕਾਂ ਤੱਕ ਪਹੁੰਚਾਈਆਂ ਹਨ | ਇੰਜੀ. ਜਸਵੀਰ ਸਿੰਘ ਮੋਰੋਂ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ ਪ੍ਰਮਿੰਦਰਜੀਤ ਕੁਮਾਰ ਅਧਿਆਪਕ ਰਾਹੀਂ ਪਿੰਡ ਕੰਗਰੌੜ ਦੇ ਪਹਿਲੀਆਂ ਪੁਜੀਸ਼ਨਾਂ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਮੌਕੇ ਕਮਲਜੀਤ ਪੰਚ ਰਾਹੀਂ ਪਿੰਡ ਮੋਰੋਂ ਵਿਖੇ ਨਗਰ ਨਿਵਾਸੀਆਂ ਨੂੰ ਕਿਤਾਬਾਂ ਵੰਡੀਆਂ ਗਈਆਂ | ਸੰਵਿਧਾਨ ਬਚਾਓ ਟੀਮ ਨਵਾਂਸ਼ਹਿਰ ਦੇ ਵਲੋਂ ਵਿਦਿਆਰਥੀਆਂ ਦੇ ਸਨਮਾਨ ਵਿੱਚ ਕੀਤੇ ਸਮਾਗਮ ਵਿੱਚ ਸੋਨੰੂ ਸਾਬ ਅਤੇ ਜਸਵੀਰ ਸਾਵਾ ਰਾਹੀਂ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਪਿੰਡ ਗੜੁਪੜ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਸਬੰਧੀ ਸਮਾਗਮ ਮੌਕੇ ਨਛੱਤਰ ਪਾਲ ਸੁਮਨ ਰਾਹੀਂ ਕਿਤਾਬਾਂ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਸਥਾ ਵਲੋਂ ਪ੍ਰੇਰਨਾ ਅਤੇ ਸਹਿਯੋਗ ਨਾਲ ਅਜਿਹੇ ਸਮਾਗਮ ਨਿਰੰਤਰ ਜਾਰੀ ਹਨ |