ਕਾਠਗੜ੍ਹ, 2 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਮਾਜਰਾ ਜੱਟਾਂ ਤੇ ਰਾਏਪੁਰ ਦੇ ਜੰਗਲਾਤ ਵਿਭਾਗ ਦੇ ਰਕਬੇ ਵਿਚੋਂ ਬੀਤੀ ਰਾਤ ਵੱਡੀ ਮਾਤਰਾ ਵਿਚ ਖੈਰ ਦੀ ਲੱਕੜ ਦੀ ਚੋਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਕਥਿਤ ਜਾਣਕਾਰੀ ਅਨੁਸਾਰ ਪਿੰਡ ਮਾਜਰਾ ਜੱਟਾਂ ਤੇ ਰਾਏਪੁਰ ਦੇ ਜੰਗਲਾਤ ਵਿਭਾਗ ਦੇ ਰਕਬੇ 'ਚੋਂ ਬੀਤੀ ਰਾਤ ਖੜ੍ਹੇ ਖੈਰ ਦੇ ਦਰੱਖਤਾਂ ਵਿਚੋਂ ਦਰਜਨ ਦੇ ਕਰੀਬ ਵੱਡੇ ਦਰੱਖਤਾਂ ਨੂੰ ਮੁੱਢ ਤੋਂ ਚੋਰਾਂ ਦੁਆਰਾ ਕੱਟ ਕੇ ਚੋਰੀ ਕੀਤਾ ਗਿਆ ਹੈ | ਚੋਰਾਂ ਵਲੋਂ ਬਹੁਤ ਤੇਜ਼ ਸਪੀਡ ਨਾਲ ਦਰੱਖਤਾਂ ਨੂੰ ਕੱਟ ਕੇ ਲਿਜਾਇਆ ਗਿਆ ਹੈ ਜਦਕਿ ਉਨ੍ਹਾਂ ਦੀਆਂ ਬਰੀਕ ਟਹਿਣੀਆਂ ਉਥੇ ਹੀ ਪਈਆਂ ਹਨ | ਸੂਤਰਾਂ ਮੁਤਾਬਕ ਇਸ ਰਕਬੇ ਵਿਚੋਂ ਖੈਰ ਚੋਰੀ ਦੀ ਇਹ ਲਗਾਤਾਰ ਤੀਜੀ ਵਾਰਦਾਤ ਹੈ ਪਰ ਅਜੇ ਤੱਕ ਵਿਭਾਗ ਵਲੋਂ ਕੋਈ ਵੀ ਖੈਰ ਚੋਰ ਵਿਭਾਗ ਦੀ ਪਕੜ ਵਿਚ ਨਹੀਂ ਆਇਆ | ਜੰਗਲਾਤ ਵਿਭਾਗ ਦਾ ਉਕਤ ਰਕਬਾ ਵਿਭਾਗ ਦੇ ਦਫ਼ਤਰ ਫਤਿਹਪੁਰ ਤੋਂ ਕਿਲੋ ਕੁ ਮੀਟਰ ਦੀ ਦੂਰੀ 'ਤੇ ਹੀ ਹੈ ਪਰ ਫਿਰ ਵੀ ਚੋਰਾਂ ਵਲੋਂ ਖੈਰ ਦੇ ਦਰੱਖਤਾਂ ਨੂੰ ਕੱਟ-ਕੱਟ ਕੇ ਲਿਜਾਇਆ ਜਾ ਰਿਹਾ ਹੈ | ਜੰਗਲਾਤ ਵਿਭਾਗ ਵਲੋਂ ਭਾਵੇਂ ਰਕਬੇ ਵਿਚ ਖੈਰ ਦੇ ਦਰੱਖਤਾਂ ਦੀ ਰਾਖੀ ਲਈ ਝੁੱਗੀਆਂ ਬਣਾਈਆਂ ਗਈਆਂ ਹਨ ਪਰ ਇਨ੍ਹਾਂ ਝੁੱਗੀਆਂ ਵਿਚ ਰਾਤ ਤਾਂ ਦੂਰ ਦਿਨ ਸਮੇਂ ਵੀ ਕੋਈ ਰਖਵਾਲੀ ਕਰਦਾ ਨਹੀਂ ਦੇਖਿਆ ਗਿਆ | ਜੇਕਰ ਵਿਭਾਗ ਵਲੋਂ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਂਦੇ ਹੋਏ ਖੈਰ ਦੇ ਕੀਮਤੀ ਦਰੱਖਤਾਂ ਦੀ ਰਾਖੀ ਕੀਤੀ ਹੁੰਦੀ ਤਾਂ ਸ਼ਾਇਦ ਦਰਖਤਾਂ ਦੀ ਚੋਰੀ ਨਾ ਹੁੰਦੀ | ਵਿਭਾਗ ਵਲੋਂ ਚੋਰਾਂ ਨੂੰ ਕਾਬੂ ਕਰਨ ਲਈ ਕੀਤੀ ਜਾ ਰਹੀ ਹੈ ਕਾਰਵਾਈ ਡੀ. ਐਫ. ਓ. ਪਿੰਡ ਮਾਜਰਾ ਜੱਟਾਂ ਤੇ ਰਾਏਪੁਰ ਦੇ ਜੰਗਲ ਵਿਚੋਂ ਚੋਰੀ ਕੀਤੀ ਗਈ ਖੈਰ ਦੇ ਦਰੱਖਤਾਂ ਸੰਬੰਧੀ ਜਦੋਂ ਜੰਗਲਾਤ ਵਿਭਾਗ ਗੜ੍ਹਸ਼ੰਕਰ ਦਫਤਰ ਦੇ ਡੀ. ਐਫ. ਓ. ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖੈਰ ਚੋਰੀ ਦੀ ਜਿਹੜੀ ਵਾਰਦਾਤ ਹਫਤੇ ਤੋਂ ਪਹਿਲਾਂ ਹੋਈ ਹੈ ਉਸ ਸੰਬੰਧੀ ਐਫ. ਆਈ. ਆਰ. ਦਰਜ ਹੋ ਚੁੱਕੀ ਹੈ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜੋ ਦਰੱਖਤ ਹੁਣ ਚੋਰੀ ਕੀਤੇ ਗਏ ਹਨ ਹੁਣ ਉਸ ਸੰਬੰਧੀ ਵੀ ਵਿਭਾਗ ਗੰਭੀਰਤਾ ਨਾਲ ਐਕਸ਼ਨ ਵਿਚ ਹੈ ਅਤੇ ਖੈਰ ਚੋਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ |