ਰੱਤੇਵਾਲ, 2 ਮਈ (ਅਸ਼ੋਕ ਕੁਮਾਰ ਲੀਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਇਲਾਕੇ ਵਿਚ ਉਸ ਸਮੇਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਦੋਂ ਪਿੰਡ ਸੂਰਾਪੁਰ ਤੋਂ 48 ਸ਼ਰਧਾਲੂਆਂ ਦਾ ਇਕ ਜਥਾ ਧਾਰਮਿਕ ਅਸਥਾਨਾਂ ਸ੍ਰੀ ਅੰਮਿ੍ਤਸਰ ਸਾਹਿਬ, ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ, ਦਰਬਾਰ ਸਾਹਿਬ, ਵਾਹਗਾ ਬਾਰਡਰ, ਰਾਮ ਤੀਰਥ ਦੇ ਦਰਸ਼ਨਾਂ ਲਈ ਰਵਾਨਾ ਹੋਇਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ 'ਆਪ' ਯੂਥ ਆਗੂ ਕਰਨਵੀਰ ਕਟਾਰੀਆ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਬੱਸ ਨੂੰ ਹਰੀ ਝੰਡੀ ਦਿਖਾਈ ਅਤੇ ਸਾਰੇ ਯਾਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਹ ਵਿਸ਼ੇਸ਼ ਯਾਤਰਾ ਮੁੱਖ ਤੌਰ 'ਤੇ 50 ਸਾਲ ਤੋਂ ਉੱਪਰ ਦੀ ਉਮਰ ਦੇ ਬਜ਼ੁਰਗਾਂ ਲਈ ਉਲੀਕੀ ਗਈ ਹੈ | ਇਸ ਮੌਕੇ ਕਰਨਵੀਰ ਕਟਾਰੀਆ, ਰਾਮ ਸ਼ਾਹ ਵਾਇਸ ਚੇਅਰਮੈਨ ਪੀ. ਏ. ਡੀ. ਬੀ. ਬਲਾਚੌਰ, ਰਾਜ ਕੁਮਾਰ ਚੇਚੀ, ਸ਼ੌਂਕੀ ਭੂੰਬਲਾ ਬਲਾਕ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਅਜਿਹੇ ਹਨ ਜੋ ਆਰਥਿਕ ਤੰਗੀ ਜਾਂ ਸਾਧਨਾਂ ਦੀ ਘਾਟ ਕਾਰਨ ਤੀਰਥ ਅਸਥਾਨਾਂ ਦੇ ਦਰਸ਼ਨ ਨਹੀਂ ਕਰ ਪਾਉਂਦੇ | ਪੰਜਾਬ ਸਰਕਾਰ ਨੇ ਉਨ੍ਹਾਂ ਦੀ ਇਸ ਭਾਵਨਾ ਨੂੰ ਸਮਝਦੇ ਹੋਏ ਇਹ ਮੁਫ਼ਤ ਯਾਤਰਾ ਸ਼ੁਰੂ ਕੀਤੀ ਹੈ | ਰਵਾਨਾ ਹੋਣ ਸਮੇਂ ਬਜ਼ੁਰਗਾਂ ਦੇ ਚਿਹਰਿਆਂ 'ਤੇ ਅਲੌਕਿਕ ਖ਼ੁਸ਼ੀ ਤੇ ਸ਼ਰਧਾ ਸਾਫ਼ ਨਜ਼ਰ ਆ ਰਹੀ ਸੀ | ਕੋਆਰਡੀਨੇਟਰ ਦਿਨੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧਾਰਮਿਕ ਯਾਤਰਾ ਤਿੰਨ ਦਿਨਾਂ ਦੀ ਹੋਵੇਗੀ | ਸ਼ਰਧਾਲੂਆਂ ਨੂੰ ਹੋਟਲ 'ਚ ਰਿਹਾਇਸ਼ ਤੇ ਵਧੀਆ ਖਾਣ-ਪੀਣ ਦਾ ਪ੍ਰਬੰਧ ਸਰਕਾਰ ਵਲੋਂ ਕੀਤਾ ਗਿਆ ਹੈ | ਆਖ਼ਰੀ ਦਿਨ ਸ਼ਰਧਾਲੂ ਵਾਹਗਾ ਬਾਰਡਰ ਵਿਖੇ ਰੀਟਰੀਟ ਸੈਰੇਮਨੀ ਦਾ ਅਨੰਦ ਮਾਨਣਗੇ | ਕਰਨਵੀਰ ਕਟਾਰੀਆ ਨੇ ਅਖੀਰ ਵਿਚ ਅਰਦਾਸ ਕੀਤੀ ਕਿ ਪ੍ਰਮਾਤਮਾ ਸਭ ਦੀ ਇਹ ਯਾਤਰਾ ਸਫਲ ਕਰੇ ਤੇ ਸਾਰੇ ਸ਼ਰਧਾਲੂ ਗੁਰੂ ਘਰਾਂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਕੇ ਸਹੀ-ਸਲਾਮਤ ਵਾਪਸ ਪਰਤਣ | ਇਸ ਤੀਰਥ ਯਾਤਰਾ 'ਚ ਯਸ਼ ਪਾਲ ਭੂੰਬਲਾ, ਸੁਖਦੇਵ ਸਿੰਘ ਪਨੇਸਰ, ਸੋਹਣ ਸਿੰਘ, ਸੁਰਜੀਤ ਸਿੰਘ, ਮਿਸਤਰੀ ਗੁਰਮੀਤ ਸਿੰਘ, ਪ੍ਰੇਮ ਚੰਦ ਕਸਾਣਾ, ਪੂਰਨ ਚੰਦ ਭੂੰਬਲਾ, ਦੇਬ ਰਾਜ ਭੂੰਬਲਾ, ਓਮ ਨਾਥ ਭੂੰਬਲਾ, ਧਰਮ ਚੰਦ ਭੂੰਬਲਾ, ਸ਼ੌਂਕੀ ਭੂੰਬਲਾ, ਬੀਬੀ ਕਮਲਜੀਤ ਕੌਰ ਪਨੇਸਰ ਕਾਠਗੜ੍ਹ, ਬੀਬੀ ਸੁਨੀਤਾ, ਬੀਬੀ ਕਾਂਤਾ ਦੇਵੀ, ਬੀਬੀ ਬਿਮਲਾ ਦੇਵੀ, 90 ਸਾਲ ਦੀ ਬਜ਼ੁਰਗ ਮਾਤਾ ਅਮਰੋ ਦੇਵੀ, ਮਾਤਾ ਸ਼ਾਂਤੀ ਦੇਵੀ ਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਅਤੇ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਜਥੇ ਨੂੰ ਰਵਾਨਾ ਕੀਤਾ |