ਨਵਾਂਸ਼ਹਿਰ, 2 ਮਈ (ਦੀਦਾਰ ਸਿੰਘ ਸ਼ੇਤਰਾ)-ਹਲਕਾ ਨਵਾਂਸ਼ਹਿਰ ਦੇ ਪਿੰਡ ਰਸੂਲਪੁਰ ਵਿਚ ਉਦੋ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਪਿੰਡ ਦੇ ਛੱਪੜ ਦੀ ਨੁਹਾਰ ਬਦਲਣ ਲਈ 1.5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ | ਪਿੰਡ ਵਾਸੀਆਂ ਵਿਚ ਇਸ ਗੱਲ ਦੀ ਭਾਰੀ ਚਰਚਾ ਹੈ ਕਿ ਅੱਜ ਤੱਕ ਕਿਸੇ ਵੀ ਪਿਛਲੀ ਸਰਕਾਰ ਨੇ ਪਿੰਡਾਂ ਦੇ ਛੱਪੜਾਂ ਦੀ ਸਾਰ ਨਹੀਂ ਲਈ ਸੀ | ਇਹ ਪ੍ਰਗਟਾਵਾ ਕਰਦਿਆਂ ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਨੇ ਆਖਿਆ ਕਿ ਗੰਦਗੀ ਦੇ ਢੇਰ ਬਣ ਚੁੱਕੇ ਇਹ ਛੱਪੜ ਬਿਮਾਰੀਆਂ ਦਾ ਘਰ ਸਾਬਤ ਹੋ ਰਹੇ ਸਨ ਪਰ ਚੇਅਰਮੈਨ ਜਲਾਲਪੁਰ ਦੇ ਇਸ ਕਦਮ ਨੇ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਪਿੰਡਾਂ ਦੇ ਰੱਖ-ਰਖਾਅ ਪ੍ਰਤੀ ਕਿੰਨੀ ਗੰਭੀਰ ਹੈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿਹਤਮੰਦ ਪਿੰਡ ਸਕੀਮ ਤਹਿਤ ਛੱਪੜ ਦੀ ਸਫ਼ਾਈ ਨਾਲ ਪਿੰਡ ਵਿਚ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਨਿਜਾਤ ਮਿਲੇਗੀ | ਪਿੰਡ ਦੀਆਂ ਨਾਲੀਆਂ ਦਾ ਪਾਣੀ ਜੋ ਛੱਪੜ ਵਿਚ ਜਮ੍ਹਾ ਹੁੰਦਾ ਹੈ, ਉਸ ਨੂੰ ਸਾਫ਼ ਕਰਕੇ ਹੁਣ ਖੇਤੀਬਾੜੀ ਦੇ ਕੰਮਾਂ ਲਈ ਵਰਤਿਆ ਜਾ ਸਕੇਗਾ | ਛੱਪੜ ਸਾਫ਼ ਹੋਣ ਨਾਲ ਪਿੰਡ ਦਾ ਵਾਤਾਵਰਨ ਖ਼ੁਸ਼ਗਵਾਰ ਹੋਵੇਗਾ | ਇਸ ਮੌਕੇ ਦਲਜੀਤ ਸਿੰਘ ਖਟਕੜ ਜ਼ਿਲ੍ਹਾ ਇੰਚਾਰਜ ਕਿਸਾਨ ਵਿੰਗ ਨੇ ਵਿਸ਼ੇਸ਼ ਤੌਰ 'ਤੇ ਪਿੰਡ ਦੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ | ਪਿੰਡ ਦੀ ਪੰਚਾਇਤ ਤੇ ਮੁਹਤਬਰਾਂ ਨੇ ਚੇਅਰਮੈਨ ਦਾ ਧੰਨਵਾਦ ਕਰਦਿਆਂ ਇਸ ਨੂੰ ਇਤਿਹਾਸਕ ਫ਼ੈਸਲਾ ਦੱਸਿਆ | ਇਸ ਮੌਕੇ ਸਰਪੰਚ ਦਲਜੀਤ ਸਿੰਘ, ਪੰਚ ਮਹਿੰਦਰ ਸਿੰਘ, ਪੰਚ ਜੰਕਰਾਜ, ਪੰਚ ਹਰਵਿੰਦਰ ਕੌਰ ਸਮੇਤ ਜਸਪਾਲ ਸਿੰਘ, ਰਾਜ ਕੁਮਾਰ, ਗਿਆਨ ਸਿੰਘ ਤੇ ਬਲਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਜਿਥੇ ਪਹਿਲੀਆਂ ਸਰਕਾਰਾਂ ਨੇ ਛੱਪੜਾਂ ਨੂੰ ਅੱਖੋਂ-ਪਰੋਖੇ ਕੀਤਾ, ਉੱਥੇ ਹੀ ਸਤਨਾਮ ਜਲਾਲਪੁਰ ਦੀ ਇਸ ਪਹਿਲਕਦਮੀ ਨੇ ਪਿੰਡ ਰਸੂਲਪੁਰ ਦੀ ਤਸਵੀਰ ਬਦਲਣ ਦੀ ਨੀਂਹ ਰੱਖ ਦਿੱਤੀ ਹੈ |